ਸ਼ੇਫਾਲੀ ਵਰਮਾ ਟੀ-20 ਅੰਤਰਰਾਸ਼ਟਰੀ ਬੱਲੇਬਾਜ਼ੀ ਰੈਂਕਿੰਗ ''ਚ ਚੋਟੀ ''ਤੇ ਬਰਕਰਾਰ
Tuesday, Sep 07, 2021 - 08:29 PM (IST)
ਦੁਬਈ- ਭਾਰਤ ਦੀ ਨੌਜਵਾਨ ਬੱਲੇਬਾਜ਼ ਸ਼ੇਫਾਲੀ ਵਰਮਾ ਨੇ ਮੰਗਲਵਾਰ ਨੂੰ ਜਾਰੀ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਤਾਜ਼ਾ ਰੈਂਕਿੰਗ ਵਿਚ ਮਹਿਲਾ ਟੀ-20 ਬੱਲੇਬਾਜ਼ਾਂ ਵਿਚ ਆਪਣਾ ਚੋਟੀ ਦਾ ਸਥਾਨ ਬਰਕਰਾਰ ਰੱਖਿਆ ਹੈ, ਜਦਕਿ ਨਿਊਜ਼ੀਲੈਂਡ ਦੀ ਸੋਫੀ ਡਿਵਾਈਨ ਆਲਰਾਊਂਡਰਾਂ ਦੀ ਸੂਚੀ ਵਿਚ ਸਾਂਝੇ ਤੌਰ 'ਤੇ ਚੋਟੀ 'ਤੇ ਪਹੁੰਚ ਗਈ ਹੈ। ਸ਼ੇਫਾਲੀ 759 ਰੈਂਕਿੰਗ ਅੰਕਾਂ ਦੇ ਨਾਲ ਚੋਟੀ 'ਤੇ ਹੈ। ਆਸਟਰੇਲੀਆ ਦੀ ਬੇਥ ਮੂਨੀ (744) ਦੂਜੇ ਜਦਕਿ ਭਾਰਤੀ ਟੀ-20 ਟੀਮ ਦੀ ਉਪ ਕਪਤਾਨ ਸਮ੍ਰਿਤੀ ਮੰਧਾਨਾ (716) ਤੀਜੇ ਸਥਾਨ 'ਤੇ ਹੈ।
ਇਹ ਖ਼ਬਰ ਪੜ੍ਹੋ- 5ਵੇਂ ਟੈਸਟ ਮੈਚ ਲਈ ਇੰਗਲੈਂਡ ਟੀਮ 'ਚ ਵੱਡਾ ਬਦਲਾਅ, ਇੰਨ੍ਹਾਂ ਦੋ ਖਿਡਾਰੀਆਂ ਦੀ ਹੋਈ ਵਾਪਸੀ
ਆਸਟਰੇਲੀਆ ਦੀ ਮੇਗ ਲੇਨਿੰਗ 709 ਅੰਕਾਂ ਦੇ ਨਾਲ ਚੌਥੇ ਜਦਕਿ ਸੋਫੀ ਇਕ ਸਥਾਨ ਦੇ ਫਾਇਦੇ ਨਾਲ 689 ਅੰਕਾਂ ਦੇ ਨਾਲ 5ਵੇਂ ਸਥਾਨ 'ਤੇ ਹੈ। ਸੋਫੀ ਨੇ ਹੋਵ ਵਿਚ ਇੰਗਲੈਂਡ ਦੇ ਵਿਰੁੱਧ ਤੀਜੇ ਟੀ-20 ਅੰਤਰਰਾਸ਼ਟਰੀ ਵਿਚ 50 ਦੌੜਾਂ ਬਣਾਉਣ ਤੋਂ ਇਲਾਵਾ 26 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ। ਇਸ ਪ੍ਰਦਰਸ਼ਨ ਦੀ ਬਦੌਲਤ ਉਹ ਆਲਰਾਊਂਡਰਾਂ ਦੀ ਸੂਚੀ ਵਿਚ ਵੀ ਇਕ ਸਥਾਨ ਦੇ ਫਾਇਦੇ ਨਾਲ ਇੰਗਲੈਂਡ ਦੀ ਨਤਾਲੀ ਸਕਿਵਰ ਦੇ ਨਾਲ ਸਾਂਝੇ ਤੌਰ 'ਤੇ ਚੋਟੀ 'ਤੇ ਪਹੁੰਚ ਗਈ ਹੈ।
ਆਲਰਾਊਂਡਰਾਂ ਦੀ ਸੂਚੀ ਵਿਚ ਭਾਰਤ ਦੀ ਦੀਪਤੀ ਸ਼ਰਮਾ, ਆਸਟਰੇਲੀਆ ਦੀ ਐਲਿਸ ਪੈਰੀ ਅਤੇ ਵੈਸਟਇੰਡੀਜ਼ ਦੀ ਹੇਲੀ ਮੈਥਿਊਜ਼ ਨੂੰ ਵੀ ਇਕ-ਇਕ ਸਥਾਨ ਦਾ ਫਾਇਦਾ ਹੋਇਆ ਹੈ ਅਤੇ ਇਹ ਕ੍ਰਮਵਾਰ ਚੌਥੇ, 5ਵੇਂ ਅਤੇ 6ਵੇਂ ਸਥਾਨ 'ਤੇ ਹੈ। ਵੈਸਟਇੰਡੀਜ਼ ਦੀ ਸਟੇਫਨੀ ਟੇਲਰ ਤਿੰਨ ਸਥਾਨ ਦੇ ਨੁਕਸਾਨ ਨਾਲ 7ਵੇਂ ਸਥਾਨ 'ਤੇ ਖਿਸਕ ਗਈ ਹੈ। ਬੱਲੇਬਾਜ਼ੀ ਰੈਂਕਿੰਗ ਵਿਚ ਦੱਖਣੀ ਅਫਰੀਕਾ ਦੀ ਲਿਜੇਲ ਲੀ ਤਿੰਨ ਸਥਾਨ ਦੇ ਫਾਇਦੇ ਨਾਲ 8ਵੇਂ ਸਥਾਨ 'ਤੇ ਪਹੁੰਚ ਗਈ ਹੈ।
ਗੇਂਦਬਾਜ਼ੀ ਰੈਂਕਿੰਗ ਵਿਚ ਆਸਟਰੇਲੀਆ ਦੀ ਮੇਗਾਨ ਸ਼ੁਟ ਦੋ ਸਥਾਨ ਦੇ ਫਾਇਦੇ ਨਾਲ ਦੂਜੇ ਸਥਾਨ 'ਤੇ ਹੈ। ਆਸਟਰੇਲੀਆ ਦੀ ਹੀ ਜੇਸ ਯੋਨਾਸੇਨ ਵੀ ਇਕ ਸਥਾਨ ਦੇ ਫਾਇਦੇ ਨਾਲ ਚੌਥੇ ਸਥਾਨ 'ਤੇ ਪਹੁੰਚ ਗਈ ਹੈ। ਭਾਰਤ ਦੀ ਦੀਪਤੀ ਸ਼ਰਮਾ ਵੀ 6ਵੇਂ ਸਥਾਨ 'ਤੇ ਪਹੁੰਚ ਗਈ ਹੈ ਜਦਕਿ ਪੂਨਮ ਯਾਦਵ 8ਵੇਂ ਸਥਾਨ 'ਤੇ ਬਰਕਰਾਰ ਹੈ। ਦੱਖਣੀ ਅਫਰੀਕਾ ਦੇ ਵਿਰੁੱਧ ਟੀ-20 ਅੰਤਰਰਾਸ਼ਟਰੀ ਸੀਰੀਜ਼ ਵਿਚ ਸਾਂਝੇ ਤੌਰ 'ਤੇ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੀ ਹੇਲੀ 7 ਸਥਾਨ ਦੀ ਛਲਾਂਗ ਦੇ ਨਾਲ ਗੇਂਦਬਾਜ਼ਾਂ ਦੀ ਰੈਂਕਿੰਗ ਵਿਚ ਚੋਟੀ 15 ਵਿਚ ਪਹੁੰਚ ਗਈ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।