ਊਸ਼ਾ ਨੇ ਅੰਤਿਮ ਦੇ ਕੋਚਾਂ ਨੂੰ ਸੂਚੀ ’ਚ ਜਗ੍ਹਾ ਨਾ ਦੇਣ ਲਈ WFI ਐਡਹਾਕ ਕਮੇਟੀ ਨੂੰ ਲਗਾਈ ਫਿਟਕਾਰ
Wednesday, Jul 17, 2024 - 06:24 PM (IST)
ਨਵੀਂ ਦਿੱਲੀ, (ਭਾਸ਼ਾ)– ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਦੀ ਮੁਖੀ ਪੀ. ਟੀ. ਊਸ਼ਾ ਨੇ ਬੁੱਧਵਾਰ ਨੂੰ ਮੁਅੱਤਲ ਭਾਰਤੀ ਕੁਸ਼ਤੀ ਸੰਘ (ਡਬਲਯੂ. ਐੱਫ. ਆਈ.) ਦਾ ਪ੍ਰਬੰਧਨ ਕਰਨ ਵਾਲੀ ਐਡਹਾਕ ਕਮੇਟੀ ਦੀ ਸਖਤ ਆਲੋਚਨਾ ਕਰਦੇ ਹੋਏ ਕਿਹਾ ਕਿ ਕਮੇਟੀ ਨੇ ਪੈਰਿਸ ਓਲੰਪਿਕ ਖੇਡਾਂ ਦੇ ਆਯੋਜਕਾਂ ਨੂੰ ਭੇਜੀ ਗਈ ਲੰਬੀ ਸੂਚੀ ਵਿਚ ਪਹਿਲਵਾਨ ਅੰਤਿਮ ਪੰਘਾਲ ਦੇ ਕੋਚਾਂ ਦੇ ਨਾਂ ਨਹੀਂ ਦਿੱਤੇ।
ਆਈ. ਓ. ਏ. ਦੀ ਪ੍ਰਤੀਕਿਰਿਆ ਖੇਡਾਂ ਲਈ ਅੰਤਿਮ ਦੇ ਪਸੰਦੀਦਾ ਕੋਚਾਂ ਨੂੰ ਵੀਜ਼ਾ ਮਨਜ਼ੂਰੀ ਮਿਲਣ ਵਿਚ ਦੇਰੀ ਦੇ ਮੱਦੇਨਜ਼ਰ ਆਈ ਹੈ। ਹਿਸਾਰ ਵਿਚ ਟ੍ਰੇਨਿੰਗ ਲੈਣ ਵਾਲੀ 19 ਸਾਲ ਦੀ ਪੰਘਾਲ ਪੈਰਿਸ ਖੇਡਾਂ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਭਾਰਤੀ ਪਹਿਲਵਾਨ ਸੀ। ਉਸ ਨੇ 2023 ਵਿਚ ਵਿਸ਼ਵ ਚੈਂਪੀਅਨਸ਼ਿਪ ਵਿਚ ਕਾਂਸੀ ਤਮਗਾ ਜਿੱਤ ਕੇ ਓਲੰਪਿਕ ਵਿਚ ਜਗ੍ਹਾ ਬਣਾਈ ਸੀ। ਅੰਤਿਮ ਚਾਹੁੰਦੀ ਹੈ ਕਿ ਉਸਦੇ ਕੋਚ ਭਗਤ ਸਿੰਘ ਤੇ ਵਿਕਾਸ ਤੇ ਫਿਜ਼ੀਓਥੈਰੇਪਿਸਟ ਹੀਰਾ ਉਸਦੇ ਨਾਲ ਸਫਰ ਕਰਨ। ਆਈ. ਓ. ਏ. ਨੇ ਸਾਰੇ ਨਾਵਾਂ ਨੂੰ ਮਨਜ਼ੂਰੀ ਦਿੱਤੀ ਹੈ ਪਰ ਅੰਤਿਮ ਨਾਲ ਜੁੜੇ ਸਹਿਯੋਗੀ ਸਟਾਫ ਦੇ ਮੈਂਬਰਾਂ ਨੂੰ ਅਜੇ ਵੀ ਵੀਜ਼ਾ ਮਨਜ਼ੂਰੀ ਦਾ ਇੰਤਜ਼ਾਰ ਹੈ।