ਸੇਥੂਰਮਨ ਨੇ ਹਰਿਕ੍ਰਿਸ਼ਣਾ ਨੂੰ ਹਰਾਇਆ, ਅਧਿਬਨ ਬਾਹਰ

09/08/2017 10:28:06 PM

ਜਾਰਜੀਆ— ਫਿਡੇ ਵਿਸ਼ਵ ਸ਼ਤਰੰਜ ਕੱਪ ਵਿਚ ਭਾਰਤ ਲਈ ਸ਼ੁੱਕਰਵਾਰ ਦਾ ਟਾਈਬ੍ਰੇਕ ਵੀ ਥੋੜ੍ਹਾ ਮੁਸ਼ਕਿਲ ਸਾਬਤ ਹੋਇਆ ਤੇ ਕੱਲ ਆਨੰਦ ਦੇ ਬਾਹਰ ਹੋਣ ਤੋਂ ਬਾਅਦ ਪੇਂਟਾਲਾ ਹਰਿਕ੍ਰਿਸ਼ਣਾ ਤੇ ਅਧਿਬਨ ਭਾਸਕਰ ਦੀ ਵੀ ਵਿਸ਼ਵ ਕੱਪ ਤੋਂ ਵਿਦਾਈ ਹੋ ਗਈ। ਭਾਰਤ ਲਈ ਵੈਸੇ ਵੀ ਮੁਸ਼ਕਿਲ ਗੱਲ ਇਹ ਰਹੀ ਕਿ ਠੀਕ ਵਿਸ਼ਵ ਕੱਪ-2015 ਤੋਂ ਬਾਅਦ ਇਸ ਵਾਰ ਵੀ ਸੇਥੂਰਮਨ ਤੇ ਹਰਿਕ੍ਰਿਸ਼ਣਾ ਵਿਚਾਲੇ ਮੈਚ ਸੀ ਤੇ ਨਤੀਜਾ ਵੀ ਠੀਕ ਉਹ ਹੀ ਰਿਹਾ ਤੇ ਸੇਥੂਰਮਨ ਨੇ ਹਰਿਕ੍ਰਿਸ਼ਣਾ ਨਾਲ ਪਹਿਲੇ ਦੋ ਕਲਾਸੀਕਲ ਮੈਚ ਡਰਾਅ ਖੇਡੇ ਤੇ ਫਿਰ ਪਹਿਲਾ ਰੈਪਿਡ ਡਰਾਅ ਰਹਿਣ ਤੋਂ ਬਾਅਦ ਦੂਜੇ ਰੈਪਿਡ ਵਿਚ ਉਸ ਨੂੰ ਹਰਾ ਦਿੱਤਾ। ਇਸ ਤਰ੍ਹਾਂ ਉਸ ਨੇ 2.5-1.5 ਨਾਲ ਇਹ ਮੁਕਾਬਲਾ ਜਿੱਤ ਕੇ ਅਗਲੇ ਰਾਊਂਡ ਵਿਚ ਪ੍ਰਵੇਸ਼ ਕਰ ਲਿਆ। 
ਅਧਿਭਨ ਅੱਜ ਟਾਈਬ੍ਰੇਕ ਦੇ ਦੋ ਰੈਪਿਡ ਮੁਕਾਬਲਿਆਂ ਵਿਚੋਂ ਪਹਿਲੇ ਦੋ ਡਰਾਅ ਕਰਨ ਵਿਚ ਕਾਮਯਾਬ ਰਿਹਾ ਪਰ ਦੂਜਾ ਹਾਰ ਕੇ ਉਹ ਵੀ ਕਲਾਸੀਕਲ ਤੇ ਰੈਪਿਡ ਦੇ ਕੁਲ ਮਿਲਾ ਕੇ 2.5-1.5 ਅੰਕਾਂ ਨਾਲ ਪਿੱਛੜ ਕੇ ਵਿਸ਼ਵ ਕੱਪ ਤੋਂ ਬਾਹਰ ਹੋ ਗਿਆ। ਹੁਣ ਸਿਰਫ ਵਿਦਿਤ ਗੁਜਰਾਤੀ ਤੇ ਸੇਥੁਰਮਨ ਹੀ ਤੀਜੇ ਦੌਰ ਵਿਚ ਭਾਰਤ ਦੀ ਪ੍ਰਤੀਨਿਧਤਾ ਕਰਨਗੇ। 
ਜ਼ਿਕਰਯੋਗ ਹੈ ਕਿ ਫਿਡੇ ਵਿਸ਼ਵ ਸ਼ਤਰੰਜ ਕੱਪ ਦੀ ਸ਼ੁਰੂਆਤ 40 ਦੇਸ਼ਾਂ ਦੇ 128 ਖਿਡਾਰੀਆਂ ਨਾਲ ਹੋਈ ਸੀ ਤੇ ਦੋ ਦੌਰ ਤੋਂ ਬਾਅਦ ਹੁਣ ਸਿਰਫ ਆਖਰੀ-32 ਖਿਡਾਰੀ ਬਾਕੀ ਰਹਿ ਗਏ ਹਨ। ਇਸ ਵਿਚ ਦਰਅਸਲ ਸਭ ਤੋਂ ਪਹਿਲਾਂ ਖਿਡਾਰੀਆਂ ਵਿਚਾਲੇ ਦੋ ਕਲਾਸੀਕਲ ਮੈਚਾਂ ਦਾ ਮੁਕਾਬਲਾ ਹੁੰਦਾ ਹੈ ਤੇ ਜੇਕਰ ਇਸ ਵਿਚੋਂ ਕੋਈ ਇਕ ਡਰਾਅ ਤੇ ਇਕ ਜਿੱਤ ਦੇ ਨਾਲ ਘੱਟ ਤੋਂ ਘੱਟ1.5 ਅੰਕ ਬਣਾ ਲੈਂਦਾ ਹੈ ਤਾਂ ਉਹ ਅਗਲੇ ਦੌਰ ਵਿਚ ਪਹੁੰਚ ਜਾਂਦਾ ਹੈ ਤੇ ਸਾਹਮਣੇ ਵਾਲੇ ਖਿਡਾਰੀ ਨੂੰ ਬਾਹਰ ਦਾ ਰਸਤਾ ਦੇਖਣਾ ਪੈਂਦਾ ਹੈ, ਜਦਕਿ ਜੇਕਰ ਦੋ ਕਲਾਸੀਕਲ ਮੈਚਾਂ ਤੋਂ ਬਾਅਦ ਵੀ ਨਤੀਜਾ ਨਹੀਂ ਆਉਂਦਾ ਅਤੇ ਸਕੋਰ 1-1 ਰਹਿੰਦਾ ਹੈ ਤਾਂ ਫਿਰ ਉਨ੍ਹਾਂ ਵਿਚਾਲੇ ਰੈਪਿਡ (25-25 ਮਿੰਟ) ਤੇ ਬਲਿਟਜ਼ (5-5 ਮਿੰਟ) ਦੇ ਮੈਚ ਖੇਡ ਕੇ ਟਾਈਬ੍ਰੇਕ ਖੇਡਿਆ ਜਾਂਦਾ ਹੈ ਤੇ ਜੇਤੂ ਦਾ ਫੈਸਲਾ ਕੀਤਾ ਜਾਂਦਾ ਹੈ।


Related News