ਸੇਰੇਨਾ ਵਿਲੀਅਮਸ ਅਤੇ ਵੀਨਸ ਵਿਲੀਅਮਸ ਦੀ ਜੋੜੀ US ਓਪਨ ਤੋਂ ਬਾਹਰ
Saturday, Sep 03, 2022 - 07:47 PM (IST)
![ਸੇਰੇਨਾ ਵਿਲੀਅਮਸ ਅਤੇ ਵੀਨਸ ਵਿਲੀਅਮਸ ਦੀ ਜੋੜੀ US ਓਪਨ ਤੋਂ ਬਾਹਰ](https://static.jagbani.com/multimedia/2022_9image_19_46_330602119serenaandvenus.jpg)
ਨਿਊਯਾਰਕ : ਸੇਰੇਨਾ ਵਿਲੀਅਮਸ ਅਤੇ ਵੀਨਸ ਵਿਲੀਅਮਸ ਦੀ ਮਹਿਲਾ ਡਬਲਜ਼ ਜੋੜੀ ਯੂ. ਐਸ. ਓਪਨ 2022 ਦੇ ਪਹਿਲੇ ਦੌਰ ਵਿੱਚ ਚੈੱਕ ਗਣਰਾਜ ਦੀ ਲੂਸੀ ਹਰੇਡਕਾ ਅਤੇ ਲਿੰਡਾ ਨੋਸਕੋਵਾ ਤੋਂ ਹਾਰ ਕੇ ਮੁਕਾਬਲੇ ਤੋਂ ਬਾਹਰ ਹੋ ਗਈਆਂ। ਇਹ ਇਕ ਜੋੜੀ ਦੇ ਤੌਰ 'ਤੇ ਵਿਲੀਅਮਜ਼ ਭੈਣਾਂ ਦਾ ਸ਼ਾਇਦ ਆਖਰੀ ਗਰੈਂਡ ਸਲੈਮ ਮੁਕਾਬਲਾ ਸੀ ਜਿੱਥੇ ਉਨ੍ਹਾਂ ਨੂੰ ਆਪਣੇ ਮੈਚ ਵਿੱਚ ਸਿੱਧੇ ਸੈੱਟਾਂ ਵਿੱਚ 7-6(5), 6-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ।
ਸੇਰੇਨਾ-ਵੀਨਸ ਨੇ ਆਪਣੇ ਕਰੀਅਰ ਦੇ 14 ਪ੍ਰਮੁੱਖ ਖਿਤਾਬਾਂ 'ਚੋਂ ਪਹਿਲਾ 1999 'ਚ ਰੋਲਾਂ ਗੈਰੋ ਅਤੇ ਯੂ. ਐਸ. ਓਪਨ ਜਿੱਤਿਆ ਸੀ। ਅਮਰੀਕੀ ਜੋੜੀ ਨੇ 2009 ਵਿੱਚ ਨਿਊਯਾਰਕ ਦਾ ਖਿਤਾਬ ਵੀ ਜਿੱਤਿਆ ਅਤੇ ਹੁਣ ਆਪਣੇ ਨੌਵੇਂ ਟੂਰਨਾਮੈਂਟ ਤੋਂ ਬਾਅਦ ਯੂ. ਐਸ. ਓਪਨ 'ਚ ਉਨ੍ਹਾਂ ਦਾ ਰਿਕਾਰਡ 25-7 ਦਾ ਹੈ। ਮੈਚ ਤੋਂ ਬਾਅਦ ਨੋਸਕੋਵਾ ਅਤੇ ਹੇਰਾਡੇਕਾ ਨੇ ਆਪਣੇ ਸ਼ਾਨਦਾਰ ਵਿਰੋਧੀਆਂ ਦੀ ਕਾਫੀ ਤਾਰੀਫ ਕੀਤੀ।
17 ਸਾਲਾ ਨੋਸਕੋਵਾ ਨੇ ਕਿਹਾ, ''ਵਿਲੀਅਮਜ਼ ਭੈਣਾਂ ਖਿਲਾਫ ਖੇਡਣਾ ਹਰ ਕਿਸੇ ਲਈ ਕਿਸੇ ਵੀ ਸਮੇਂ ਖਾਸ ਪਲ ਹੁੰਦਾ ਹੈ। ਮੈਂ ਸੱਚਮੁੱਚ ਖੁਸ਼ਕਿਸਮਤ ਸੀ ਕਿ ਮੈਂ ਆਪਣੇ ਡਬਲਜ਼ ਸਾਥੀ ਨਾਲ ਖੇਡਣ ਦੇ ਯੋਗ ਸੀ ਅਤੇ ਅਸੀਂ ਜਿੱਤ ਦਰਜ ਕਰ ਸਕੇ। ਹੇਰਾਡੇਕਾ ਨੇ ਕਿਹਾ, ''ਅਸੀਂ ਪਹਿਲੀ ਵਾਰ (ਇਕ ਦੂਜੇ ਨਾਲ) ਖੇਡੇ। ਮੈਨੂੰ ਲੱਗਦਾ ਹੈ ਕਿ ਅਸੀਂ ਬਹੁਤ ਵਧੀਆ ਕੰਮ ਕੀਤਾ ਹੈ। ਉਸ ਨੇ ਐਸ਼ ਆਰਥਰ ਸਟੇਡੀਅਮ 'ਚ ਮੌਜੂਦ ਦਰਸ਼ਕਾਂ ਨੂੰ ਕਿਹਾ, 'ਮੈਨੂੰ ਤੁਹਾਡੇ ਲਈ ਬਹੁਤ ਅਫਸੋਸ ਹੈ ਕਿ ਅਸੀਂ ਉਨ੍ਹਾਂ ਨੂੰ ਹਰਾਇਆ, ਪਰ ਅਸੀਂ ਬਹੁਤ ਖੁਸ਼ ਹਾਂ ਕਿ ਅਸੀਂ ਜਿੱਤ ਸਕੇ।'