ਸੇਰੇਨਾ ਅਗਲੇ ਦੌਰ ’ਚ, ਪਲਿਸਕੋਵਾ ਹਾਰੀ
Monday, Sep 02, 2019 - 03:42 PM (IST)

ਨਿਊਯਾਰਕ— ਸੱਟ ਦੇ ਖਦਸ਼ੇ ਦੇ ਬਾਵਜੂਦ ਅਮਰੀਕੀ ਟੈਨਿਸ ਸਟਾਰ ਸੇਰੇਨਾ ਵਿਲੀਅਮਸ ਨੇ ਰਿਕਾਰਡ 24ਵੇਂ ਗ੍ਰੈਂਡਸਲੈਮ ਖਿਤਾਬ ਵੱਲ ਕਦਮ ਵਧਾਉਂਦੇ ਹੋਏ ਅਮਰੀਕੀ ਓਪਨ ਕੁਆਰਟਰ ਫਾਈਨਲ ’ਚ ਪ੍ਰਵੇਸ਼ ਕਰ ਲਿਆ ਜਦਕਿ ਕੈਰੋਲਿਨਾ ਪਲਿਸਕੋਵਾ ਹਾਰ ਕੇ ਬਾਹਰ ਹੋ ਗਈ। 6 ਵਾਰ ਦੀ ਅਮਰੀਕੀ ਓਪਨ ਚੈਂਪੀਅਨ ਸੇਰੇਨਾ ਨੇ ¬ਕ੍ਰੋਏਸ਼ੀਆ ਦੀ 22ਵਾਂ ਦਰਜਾ ਪ੍ਰਾਪਤ ਪੇਟ੍ਰਾ ਮਾਰਟਿਚ ਨੂੰ 6-3, 6-4 ਨਾਲ ਹਰਾਇਆ। ਹੁਣ ਉਨ੍ਹਾਂ ਦਾ ਸਾਹਮਣਾ ਚੀਨ ਦੀ ਵਾਂਗ ਕਿਯਾਂਗ ਨਾਲ ਹੋਵੇਗਾ ਜਿਸ ਨੇ ਦੁਨੀਆ ਦੀ ਦੂਜੇ ਨੰਬਰ ਦੀ ਖਿਡਾਰੀ ਬਾਰਟੀ ਨੂੰ ਹਰਾਇਆ।
37 ਸਾਲਾ ਦੀ ਸੇਰੇਨਾ ਨੂੰ ਦੂਜੇ ਸੈਟ ’ਚ ਮੈਡੀਕਲ ਟਾਈਮਆਊਟ ਲੈਣਾ ਪਿਆ ਕਿਉਂਕਿ ਉਨ੍ਹਾਂ ਦੇ ਗਿੱਟੇ ’ਤੇ ਸੱਟ ਗਈ ਸੀ। ਆਖਰੀ ਵਾਰ 2017 ਆਸਟਰੇਲੀਆਈ ਓਪਨ ਗ੍ਰੈਂਡਸਲੈਮ ਜਿੱਤਣ ਵਾਲੀ ਸੇਰੇਨਾ ਨੇ 2014 ਤੋਂ ਇੱਥੇ ਖਿਤਾਬ ਨਹੀਂ ਜਿੱਤਿਆ ਸੀ। ਉਹ ਪਹਿਲੀ ਵਾਰ ਵਾਂਗ ਨਾਲ ਖੇਡੇਗੀ ਜਿਸ ਨੇ ਬਾਰਟੀ ਨੂੰ 6-2, 6-4 ਨਾਲ ਹਰਾਇਆ। ਜਦਕਿ ਜੋਹਾਨਾ ਕੋਂਟਾ ਨੇ ਮਈ ’ਚ ਰੋਮ ਫਾਈਨਲ ’ਚ ਪਲਿਸਕੋਵਾ ਤੋਂ ਮਿਲੀ ਹਾਰ ਦਾ ਬਦਲਾ ਪੂਰਾ ਕਰਦੇ ਹੋਏ ਉਸ ਨੂੰ 6-7, 6-3, 7-5 ਨਾਲ ਹਰਾਇਆ। ਯੂ¬ਕ੍ਰੇਨ ਦੀ ਪੰਜਵਾਂ ਦਰਜਾ ਪ੍ਰਾਪਤ ਐਲਿਨਾ ਸਵਿਤਲਿਨਾ ਵੀ ਅਮਰੀਕਾ ਦੀ ਮੈਡੀਸਨ ਕੀਸ ਨੂੰ 7-5, 6-4 ਨਾਲ ਹਰਾ ਕੇ ਅੰਤਿਮ ਅੱਠ ’ਚ ਪਹੁੰਚ ਗਈ।