ਸੇਲਵਾ ਪ੍ਰਭੂ ਨੇ ਜਿੱਤਿਆ ਪੁਰਸ਼ਾਂ ਦੀ ਟ੍ਰਿਪਲ ਜੰਪ ਦਾ ਖਿਤਾਬ

Sunday, Jun 14, 2026 - 11:26 AM (IST)

ਸੇਲਵਾ ਪ੍ਰਭੂ ਨੇ ਜਿੱਤਿਆ ਪੁਰਸ਼ਾਂ ਦੀ ਟ੍ਰਿਪਲ ਜੰਪ ਦਾ ਖਿਤਾਬ

ਸਪੋਰਟਸ ਡੈਸਕ- ਭਾਰਤ ਦੇ ਸੇਲਵਾ ਪ੍ਰਭੂ ਨੇ ਸ਼ਨੀਵਾਰ ਨੂੰ ਓਰੇਗਨ ਦੇ ਯੂਜੀਨ ’ਚ ਹੇਵਰਡ ਫੀਲਡ ’ਤੇ ਆਯੋਜਿਤ ਐੱਨ. ਸੀ. ਏ. ਏ. ਡਿਵੀਜ਼ਨ ਵਨ ਆਊਟਡੋਰ ਟ੍ਰੈਕ ਐਂਡ ਫੀਲਡ ਚੈਂਪੀਅਨਸ਼ਿਪ-2026 ’ਚ ਪੁਰਸ਼ਾਂ ਦਾ ਟ੍ਰਿਪਲ ਜੰਪ ਖਿਤਾਬ ਜਿੱਤਿਆ। ਕੈਨਸਸ ਸਟੇਟ ਦੀ ਨੁਮਾਇੰਦਗੀ ਕਰ ਰਹੇ ਸੇਲਵਾ ਪ੍ਰਭੂ ਨੇ ਆਪਣੇ ਦੂਜੇ ਯਤਨ ’ਚ 16.92 ਮੀਟਰ ਦੀ ਛਾਲ ਲਾ ਕੇ ਇਹ ਖਿਤਾਬ ਆਪਣੇ ਨਾਂ ਕੀਤਾ। ਇਹ ਭਾਰਤੀ ਐਥਲੀਟ ਪ੍ਰਭੂ ਦਾ ਸੈਸ਼ਨ ਦਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਹੈ। 16.20 ਮੀਟਰ ਦੀ ਸ਼ੁਰੂਆਤੀ ਛਾਲ ਤੋਂ ਬਾਅਦ ਉਸ ਨੇ ਦੂਜੇ ਰਾਊਂਡ ’ਚ ਚੈਂਪੀਅਨਸ਼ਿਪ ਜਿੱਤਣ ਵਾਲਾ ਸਕੋਰ ਹਾਸਲ ਕੀਤਾ।

ਐੱਨ. ਸੀ. ਏ. ਏ. ਡਿਵੀਜ਼ਨ ਵਨ ਚੈਂਪੀਅਨਸ਼ਿਪ ’ਚ 24 ਖਿਡਾਰੀਆਂ ਵਿਚਾਲੇ ਕੇਵਿਨ ਕੇਮਬੋਈ 16.84 ਮੀਟਰ ਦੀ ਛਾਲ ਨਾਲ ਦੂਜੇ ਸਥਾਨ ’ਤੇ ਰਿਹਾ, ਜਦਕਿ ਬ੍ਰੈਂਡਨ ਗ੍ਰੀਨ ਜੂਨੀਅਰ 16.78 ਮੀਟਰ ਦੇ ਯਤਨ ਨਾਲ ਤੀਜੇ ਸਥਾਨ ’ਤੇ ਰਿਹਾ। ਪ੍ਰਭੂ ਦੀ ਜਿੱਤ ਨੇ ਉਸ ਨੂੰ ਐੱਨ. ਸੀ. ਐੱਸ. ਡਿਵੀਜ਼ਨ ਵਨ ਆਊਟਡੋਰ ਖਿਤਾਬ ਜਿੱਤਣ ਵਾਲਾ ਚੌਥਾ ਭਾਰਤੀ ਬਣਾ ਦਿੱਤਾ। ਉਸ ਤੋਂ ਪਹਿਲਾਂ ਓਲੰਪੀਅਨ ਮੋਹਿੰਦਰ ਸਿੰਘ ਗਿੱਲ (ਟ੍ਰਿਪਲ ਜੰਪ), ਵਿਕਾਸ ਗੌੜਾ (ਡਿਸਕਸ ਥ੍ਰੋ) ਤੇ ਤੇਜਸਵਿਨ ਸ਼ੰਕਰ (ਡੇਕਾਥਲੌਨ) ਇਹ ਉਪਲੱਬਧੀ ਹਾਸਲ ਕਰ ਚੁੱਕੇ ਹਨ।

ਕੁੱਲ ਮਿਲਾ ਕੇ ਉਹ 5ਵੇਂ ਭਾਰਤੀ ਐੱਨ. ਸੀ. ਏ. ਏ. ਡਿਵੀਜ਼ਨ ਵਨ ਚੈਂਪੀਅਨ ਹੈ। ਲੋਕੇਸ਼ ਸਤਿਆਨਾਥਨ (ਲੌਂਗ ਜੰਪ) ਪਹਿਲਾਂ ਹੀ ਇਨਡੋਰ ਖਿਤਾਬ ਜਿੱਤ ਚੁੱਕਾ ਹੈ। ਪੁਰਸ਼ਾਂ ਦੀ ਟ੍ਰਿੱਪਲ ਜੰਪ ਦਾ ਰਾਸ਼ਟਰੀ ਰਿਕਾਰਡ 17.37 ਮੀਟਰ ਹੈ, ਜਿਹੜਾ ਪ੍ਰਵੀਨ ਚਿੱਤਰਵੇਲ ਦੇ ਨਾਂ ਹੈ।

ਐੱਨ. ਸੀ. ਏ. ਏ. ਡਿਵੀਜ਼ਨ ਵਨ ਚੈਂਪੀਅਨਸ਼ਿਪ ’ਚ ਸੇਲਵਾ ਪ੍ਰਭੂ ਦਾ ਜੇਤੂ ਪ੍ਰਦਰਸ਼ਨ ਇਸ ਸੈਸ਼ਨ ਦਾ ਉਸ ਦਾ ਦੂਜਾ ਸਭ ਤੋਂ ਚੰਗਾ ਪ੍ਰਦਰਸ਼ਨ ਸੀ। 21 ਸਾਲਾ ਭਾਰਤੀ ਐਥਲੀਟ ਦੀ ਹੁਣ ਤੱਕ ਦੀ ਸਭ ਤੋਂ ਚੰਗੀ ਛਾਲ (ਪਰਸਨਲ ਬੈਸਟ) 17.05 ਮੀਟਰ ਦੀ ਸੀ, ਜਿਹੜੀ ਉਸ ਨੇ ਮਾਰਚ ’ਚ ਐੱਨ. ਸੀ. ਏ. ਏ. ਡਿਵੀਜ਼ਨ ਵਨ ਇਨਡੋਰ ਟ੍ਰੈਕ ਐਂਡ ਫੀਲਡ ਚੈਂਪੀਅਨਸ਼ਿਪ ’ਚ ਲਾਈ ਸੀ, ਜਿਥੇ ਉਹ ਦੂਜੇ ਸਥਾਨ ’ਤੇ ਰਿਹਾ ਸੀ।


author

Tarsem Singh

Content Editor

Related News