"AI ਤਸਵੀਰਾਂ ਨਾਲ ਬਣਾਇਆ ਜਾ ਰਿਹੈ ਨਿਸ਼ਾਨਾ" ; ਸਿਲਵਰ ਮੈਡਲ ਜੇਤੂ ਵੇਟਲਿਫਟਰ ਕੇਆ ਨੇ ਸੁਣਾਈ ਆਪਬੀਤੀ
Sunday, Sep 06, 2026 - 12:46 PM (IST)
ਸਪੋਰਟਸ ਡੈਸਕ: ਭਾਰਤੀ ਮਹਿਲਾ ਪਾਵਰਲਿਫਟਰ ਕੇਆ ਬੈਨਰਜੀ ਨੇ 2026 ਆਈਪੀਐਫ ਵਰਲਡ ਚੈਂਪੀਅਨਸ਼ਿਪ ਵਿੱਚ ਦੇਸ਼ ਦਾ ਨਾਂ ਰੌਸ਼ਨ ਕਰਦਿਆਂ ਚਾਂਦੀ ਦਾ ਤਗਮਾ ਜਿੱਤਿਆ ਸੀ, ਪਰ ਇਸ ਵੱਡੀ ਪ੍ਰਾਪਤੀ ਤੋਂ ਬਾਅਦ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਬੇਹੱਦ ਪਰੇਸ਼ਾਨ ਕਰਨ ਵਾਲੇ ਦੌਰ ਵਿੱਚੋਂ ਲੰਘਣਾ ਪੈ ਰਿਹਾ ਹੈ। 21 ਸਾਲਾ ਕੇਆ ਨੇ ਆਪਣੀ ਆਪਬੀਤੀ ਸੁਣਾਉਂਦਿਆਂ ਖ਼ੁਲਾਸਾ ਕੀਤਾ ਹੈ ਕਿ ਉਨ੍ਹਾਂ ਨੂੰ ਆਨਲਾਈਨ ਯੌਨ ਉਤਪੀੜਨ, ਫਰਜ਼ੀ ਖਾਤਿਆਂ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਰਾਹੀਂ ਬਣਾਈਆਂ ਗਈਆਂ ਅਸ਼ਲੀਲ ਡੀਪਫੇਕ ਤਸਵੀਰਾਂ ਰਾਹੀਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੇ ਚਿਹਰੇ ਅਤੇ ਸਰੀਰ ਨੂੰ ਮੋਰਫ (ਮਿਲਾਵਟ) ਕਰਕੇ ਫਰਜ਼ੀ ਤਸਵੀਰਾਂ ਇੰਟਰਨੈੱਟ 'ਤੇ ਫੈਲਾਈਆਂ ਜਾ ਰਹੀਆਂ ਹਨ।
ਵਿਸ਼ਵ ਚੈਂਪੀਅਨਸ਼ਿਪ 'ਚ ਰਚਿਆ ਸੀ ਇਤਿਹਾਸ
ਦੱਖਣੀ ਅਫ਼ਰੀਕਾ ਦੇ ਸਨ ਸਿਟੀ ਵਿੱਚ ਅਗਸਤ ਮਹੀਨੇ ਵਿੱਚ ਆਯੋਜਿਤ ਹੋਈ ਆਈਪੀਐਫ ਵਰਲਡ ਸਬ-ਜੂਨੀਅਰ ਐਂਡ ਜੂਨੀਅਰ ਕਲਾਸਿਕ ਪਾਵਰਲਿਫਟਿੰਗ ਚੈਂਪੀਅਨਸ਼ਿਪ ਦੌਰਾਨ ਕੇਆ ਬੈਨਰਜੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਨੇ ਜੂਨੀਅਰ ਮਹਿਲਾ 47 ਕਿਲੋਗ੍ਰਾਮ ਵਰਗ (47 Kg category) ਦੇ ਡੈੱਡਲਿਫਟ ਮੁਕਾਬਲੇ ਵਿੱਚ 140 ਕਿਲੋਗ੍ਰਾਮ ਭਾਰ ਚੁੱਕ ਕੇ ਚਾਂਦੀ ਦਾ ਤਗਮਾ ਆਪਣੇ ਨਾਮ ਕੀਤਾ। ਉਨ੍ਹਾਂ ਦਾ ਕੁੱਲ (ਟੋਟਲ) ਸਕੋਰ 280 ਕਿਲੋਗ੍ਰਾਮ ਰਿਹਾ, ਜਿਸ ਵਿੱਚ ਸਕੁਐਟ ਵਿੱਚ 90 ਕਿਲੋਗ੍ਰਾਮ ਅਤੇ ਬੈਂਚ ਪ੍ਰੈੱਸ ਵਿੱਚ 50 ਕਿਲੋਗ੍ਰਾਮ ਭਾਰ ਸ਼ਾਮਲ ਸੀ ਪਰ ਇਸ ਇਤਿਹਾਸਕ ਸਫ਼ਲਤਾ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਸੋਸ਼ਲ ਮੀਡੀਆ ਦੇ ਇੱਕ ਬੇਹੱਦ ਕਾਲੇ ਅਤੇ ਪਰੇਸ਼ਾਨ ਕਰਨ ਵਾਲੇ ਪੱਖ ਦਾ ਸਾਹਮਣਾ ਕਰਨਾ ਪਿਆ।
ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਆਪਣਾ ਦਰਦ
ਕੇਆ ਨੇ ਆਪਣੇ ਇੰਸਟਾਗ੍ਰਾਮ 'ਤੇ ਸਟੋਰੀਜ਼ ਸਾਂਝੀਆਂ ਕਰਦਿਆਂ ਲਿਖਿਆ, "ਮੈਂ ਹਾਲ ਹੀ ਵਿੱਚ ਭਾਰਤ ਲਈ ਆਈਪੀਐਫ ਜੂਨੀਅਰ ਵਰਲਡ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਹੈ। ਮੈਂ ਲੋਕਾਂ ਦੇ ਸਮਰਥਨ ਅਤੇ ਮਿਲੀ ਪਛਾਣ ਦੀ ਦਿਲੋਂ ਸ਼ਲਾਘਾ ਕਰਦੀ ਹਾਂ, ਪਰ ਇੱਕ ਭਾਰਤੀ ਮਹਿਲਾ ਐਥਲੀਟ ਹੋਣ ਦੇ ਨਾਤੇ ਮੈਨੂੰ ਆਨਲਾਈਨ ਯੌਨ ਉਤਪੀੜਨ, ਮੇਰੇ ਨਾਂ 'ਤੇ ਬਣੇ ਫਰਜ਼ੀ ਅਕਾਊਂਟਸ, ਮੇਰੀ ਜਾਤ-ਪਾਤ, ਨਸਲ ਅਤੇ ਵੰਸ਼ ਨੂੰ ਲੈ ਕੇ ਪਰੇਸ਼ਾਨ ਕਰਨ ਵਾਲੀਆਂ ਗੱਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਭ ਤੋਂ ਮਾੜੀ ਗੱਲ ਇਹ ਹੈ ਕਿ ਮੇਰੇ ਸਰੀਰ ਅਤੇ ਚਿਹਰੇ ਨੂੰ ਬੇਹੱਦ ਪਰੇਸ਼ਾਨ ਕਰਨ ਵਾਲੇ ਤਰੀਕਿਆਂ ਨਾਲ ਮੋਰਫ ਅਤੇ ਐਡਿਟ ਕਰਕੇ ਕਈ ਫਰਜ਼ੀ ਏਆਈ (AI) ਤਸਵੀਰਾਂ ਬਣਾਈਆਂ ਗਈਆਂ ਹਨ। ਹਰ ਰੋਜ਼ ਸਵੇਰੇ ਉੱਠ ਕੇ ਆਪਣੀ ਅਤੇ ਆਪਣੇ ਜਾਣ-ਪਛਾਣ ਵਾਲੇ ਲੋਕਾਂ ਦੀ ਫੀਡ ਵਿੱਚ ਇਹ ਫਰਜ਼ੀ ਏਆਈ ਤਸਵੀਰਾਂ ਦੇਖਣਾ ਮੈਨੂੰ ਬੇਹੱਦ ਮਾਨਸਿਕ ਤਣਾਅ ਦੇ ਰਿਹਾ ਹੈ।"
ਪੁਰਾਣਾ ਅਕਾਊਂਟ ਸਸਪੈਂਡ ਹੋਣ ਨਾਲ ਵਧਿਆ ਮਾਨਸਿਕ ਤਣਾਅ
ਕੇਆ ਨੇ ਅੱਗੇ ਦੱਸਿਆ ਕਿ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਗੁਪਤ (ਪ੍ਰਾਈਵੇਟ) ਰੱਖਣਾ ਪਸੰਦ ਕਰਦੀ ਹੈ ਅਤੇ ਸੋਸ਼ਲ ਮੀਡੀਆ 'ਤੇ ਬਹੁਤ ਜ਼ਿਆਦਾ ਤਸਵੀਰਾਂ ਸਾਂਝੀਆਂ ਨਹੀਂ ਕਰਦੀ ਪਰ ਇਸ ਮੁਸ਼ਕਿਲ ਦੌਰ ਦੌਰਾਨ ਉਨ੍ਹਾਂ ਦਾ ਪੁਰਾਣਾ ਇੰਸਟਾਗ੍ਰਾਮ ਅਕਾਊਂਟ ਸਸਪੈਂਡ ਹੋ ਗਿਆ, ਜਿਸ ਨਾਲ ਉਨ੍ਹਾਂ ਦਾ ਤਣਾਅ ਹੋਰ ਵੱਧ ਗਿਆ। ਉਨ੍ਹਾਂ ਕਿਹਾ ਕਿ ਉਹ ਆਪਣੇ ਇਸ ਨਵੇਂ ਅਕਾਊਂਟ ਨੂੰ ਜਨਤਕ (ਪਬਲਿਕ) ਨਹੀਂ ਕਰਨਾ ਚਾਹੁੰਦੀ ਸੀ, ਪਰ ਜੇਕਰ ਉਹ ਆਪਣੀ ਖੇਡ, ਆਪਣੀਆਂ ਪ੍ਰਾਪਤੀਆਂ ਅਤੇ ਆਪਣੇ ਹੱਕ ਲਈ ਆਵਾਜ਼ ਬੁਲੰਦ ਕਰਨਾ ਚਾਹੁੰਦੀ ਹੈ, ਤਾਂ ਉਨ੍ਹਾਂ ਕੋਲ ਇਸ ਨਵੇਂ ਅਕਾਊਂਟ ਨੂੰ ਜਨਤਕ ਕਰਨ ਤੋਂ ਇਲਾਵਾ ਕੋਈ ਹੋਰ ਰਸਤਾ ਨਹੀਂ ਬਚਿਆ ਸੀ।
