ਸਹਿਵਾਗ ਚਾਹੁੰਦੈ RCB ਦਾ ਕਪਤਾਨ ਬਣਿਆ ਰਹੇ ਕੋਹਲੀ
Sunday, Nov 08, 2020 - 10:23 PM (IST)
ਨਵੀਂ ਦਿੱਲੀ- ਧਾਕੜ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਆਪਣੇ ਸਾਬਕਾ ਸਾਥੀ ਗੌਤਮ ਗੰਭੀਰ ਦੇ ਵਿਚਾਰਾਂ ਨਾਲ ਅਸਹਿਮਤੀ ਜਤਾਉਂਦੇ ਹੋਏ ਕਿਹਾ ਕਿ ਵਿਰਾਟ ਕੋਹਲੀ ਨੂੰ ਆਈ. ਪੀ. ਐੱਲ. ਵਿਚ ਇਕ ਹੋਰ ਨਿਰਾਸ਼ਾਜਨਕ ਪ੍ਰਦਰਸ਼ਨ ਦੇ ਬਾਵਜੂਦ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਦਾ ਕਪਤਾਨ ਬਣੇ ਰਹਿਣਾ ਚਾਹੀਦਾ ਹੈ।
ਆਰ. ਸੀ. ਬੀ. ਬੱਲੇਬਾਜ਼ਾਂ ਦੇ ਮਾੜੇ ਪ੍ਰਦਰਸ਼ਨ ਕਾਰਣ ਸ਼ੁੱਕਰਵਾਰ ਨੂੰ ਆਈ. ਪੀ. ਐੱਲ. ਐਲਿਮੀਨੇਟਰ ਵਿਚ ਸਨਰਾਈਜ਼ਰਜ਼ ਹੈਦਰਾਬਾਦ ਹੱਥੋਂ 6 ਵਿਕਟਾਂ ਨਾਲ ਹਾਰ ਕੇ ਬਾਹਰ ਹੋ ਗਈ ਸੀ। ਆਰ. ਸੀ. ਬੀ. ਅਜੇ ਤਕ ਆਈ. ਪੀ. ਐੱਲ. ਦਾ ਖਿਤਾਬ ਨਹੀਂ ਜਿੱਤ ਸਕੀ ਤੇ ਉਸਦੀ ਨਿਰਾਸ਼ਾ ਵਧਦੀ ਜਾ ਰਹੀ ਹੈ। ਅਜਿਹੇ ਵਿਚ ਆਈ. ਪੀ. ਐੱਲ. ਵਿਚ ਦੋ ਵਾਰ ਦੇ ਜੇਤੂ ਕਪਤਾਨ ਗੰਭੀਰ ਨੇ ਵਿਰਾਟ ਨੂੰ ਕਪਤਾਨੀ ਤੋਂ ਹਟਾਉਣ ਦੀ ਅਪੀਲ ਕੀਤੀ ਪਰ ਸਹਿਵਾਗ ਉਸਦੀ ਗੱਲ ਨਾਲ ਸਹਿਮਤ ਨਹੀਂ ਹੈ।
ਸਹਿਵਾਗ ਨੇ ਕਿਹਾ,''ਇਕ ਕਪਤਾਨ ਓਨਾ ਹੀ ਚੰਗਾ ਹੁੰਦਾ ਹੈ, ਜਿੰਨੀ ਉਸਦੀ ਟੀਮ। ਵਿਰਾਟ ਕੋਹਲੀ ਜਦੋਂ ਭਾਰਤ ਦਾ ਕਪਤਾਨ ਹੁੰਦਾ ਹੈ ਤਾਂ ਉਹ ਚੰਗੇ ਨਤੀਜੇ ਦਿੰਦਾ ਹੈ। ਉਹ ਵਨ ਡੇ, ਟੀ-20 ਤੇ ਟੈਸਟ ਮੈਚ ਵਿਚ ਜਿੱਤਦਾ ਹੈ ਪਰ ਜਦੋਂ ਉਹ ਆਰ. ਸੀ. ਬੀ. ਦਾ ਕਪਤਾਨ ਹੁੰਦਾ ਹੈ ਤਾਂ ਉਸਦੀ ਟੀਮ ਚੰਗਾ ਪ੍ਰਦਰਸ਼ਨ ਨਹੀਂ ਕਰ ਪਾਉਂਦੀ।'' ਉਸ ਨੇ ਕਿਹਾ,''ਕਪਤਾਨ ਦੇ ਲਈ ਮਹੱਤਵਪੂਰਨ ਹੈ ਕਿ ਉਸਦੇ ਕੋਲ ਚੰਗੀ ਟੀਮ ਹੋਵੇ। ਇਸ ਲਈ ਮੈਨੂੰ ਲੱਗਦਾ ਹੈ ਕਿ ਮੈਨੇਜਮੈਂਟ ਨੂੰ ਕਪਤਾਨ ਬਦਲਣ ਦੇ ਬਾਰੇ ਵਿਚ ਨਹੀਂ ਸੋਚਣਾ ਚਾਹੀਦਾ ਤੇ ਇਸਦੀ ਬਜਾਏ ਇਸ 'ਤੇ ਧਿਆਨ ਦੇਣਾ ਚਾਹੀਦਾ ਹੈ ਕਿ ਉਹ ਟੀਮ ਦੇ ਤੌਰ 'ਤੇ ਕਿਵੇਂ ਸੁਧਾਰ ਕਰ ਸਕਦੀ ਹੈ।''