ਜਸਪ੍ਰੀਤ ਬੁਮਰਾਹ ਦੂਜੇ ਟੈਸਟ ਲਈ ਉਪ-ਕਪਤਾਨ ਨਿਯੁਕਤ, ਢਿੱਡ ''ਚ ਤਕਲੀਫ਼ ਕਾਰਨ ਅਈਅਰ ਬਾਹਰ

Monday, Jan 03, 2022 - 05:00 PM (IST)

ਜਸਪ੍ਰੀਤ ਬੁਮਰਾਹ ਦੂਜੇ ਟੈਸਟ ਲਈ ਉਪ-ਕਪਤਾਨ ਨਿਯੁਕਤ, ਢਿੱਡ ''ਚ ਤਕਲੀਫ਼ ਕਾਰਨ ਅਈਅਰ ਬਾਹਰ

ਜੋਹਾਨਸਬਰਗ (ਭਾਸ਼ਾ)- ਭਾਰਤ ਦੇ ਚੋਟੀ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਸੋਮਵਾਰ ਨੂੰ ਦੱਖਣੀ ਅਫਰੀਕਾ ਖ਼ਿਲਾਫ਼ ਦੂਜੇ ਟੈਸਟ ਲਈ ਉਪ- ਕਪਤਾਨ ਨਿਯੁਕਤ ਕੀਤਾ ਗਿਆ ਹੈ। ਉਥੇ ਹੀ ਕਪਤਾਨ ਵਿਰਾਟ ਕੋਹਲੀ ਦੀ ਗੈਰ-ਮੌਜੂਦਗੀ 'ਚ ਲੋਕੇਸ਼ ਰਾਹੁਲ ਨੂੰ ਕਪਤਾਨੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਇਕ ਬਿਆਨ ਮੁਤਾਬਕ ਰੈਗੂਲਰ ਕਪਤਾਨ ਵਿਰਾਟ ਕੋਹਲੀ ਪਿੱਠ ਦੇ ਉਪਰਲੇ ਹਿੱਸੇ ਵਿਚ ਦਰਦ ਕਾਰਨ ਇਹ ਮੈਚ ਨਹੀਂ ਖੇਡ ਰਹੇ ਹਨ। ਇਸ ਤੋਂ ਇਲਾਵਾ ਮੱਧਕ੍ਰਮ ਦੇ ਬੱਲੇਬਾਜ਼ ਸ਼੍ਰੇਅਸ ਅਈਅਰ ਵੀ ਢਿੱਡ ਦੀ ਸਮੱਸਿਆ ਕਾਰਨ ਮੈਚ ਤੋਂ ਬਾਹਰ ਹੋ ਗਏ ਹਨ। ਬੀ.ਸੀ.ਸੀ.ਆਈ. ਨੇ ਇਕ ਬਿਆਨ ਵਿਚ ਕਿਹਾ, 'ਆਲ ਇੰਡੀਆ ਸੀਨੀਅਰ ਚੋਣ ਕਮੇਟੀ ਨੇ ਜਸਪ੍ਰੀਤ ਬੁਮਰਾਹ ਨੂੰ ਦੂਜੇ ਟੈਸਟ ਲਈ ਉਪ ਕਪਤਾਨ ਨਿਯੁਕਤ ਕੀਤਾ ਹੈ। ਟੀਮ ਇੰਡੀਆ ਦੇ ਬੱਲੇਬਾਜ਼ ਸ਼੍ਰੇਅਸ ਅਈਅਰ ਵੀ ਢਿੱਡ 'ਚ ਤਕਲੀਫ਼ ਕਾਰਨ ਦੂਜੇ ਟੈਸਟ ਦੀ ਚੋਣ ਦੀ ਦੌੜ ਤੋਂ ਬਾਹਰ ਹੋ ਗਏ ਹਨ।' 

ਇਹ ਵੀ ਪੜ੍ਹੋ: ਭਾਰਤੀ ਕਪਤਾਨ ਵਿਰਾਟ ਕੋਹਲੀ ਪਿੱਠ ਦੇ ਉਪਰਲੇ ਹਿੱਸੇ ’ਚ ਦਰਦ ਕਾਰਨ ਦੂਜੇ ਟੈਸਟ ਮੈਚ ਤੋਂ ਬਾਹਰ

ਅਈਅਰ ਨੇ ਆਪਣੇ ਟੈਸਟ ਕਰੀਅਰ ਦੀ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਪਿਛਲੇ ਸਾਲ ਦੇ ਅੰਤ ਵਿਚ ਨਿਊਜ਼ੀਲੈਂਡ ਦੇ ਖ਼ਿਲਾਫ਼ ਆਪਣੀ ਘਰੇਲੂ ਸੀਰੀਜ਼ ਵਿਚ ਡੈਬਿਊ ਮੁਕਾਬਲੇ ਵਿਚ ਸੈਂਕੜਾ ਅਤੇ ਅਰਧ ਸੈਂਕੜਾ ਜੜਿਆ ਸੀ। ਬੁਮਰਾਹ ਨੂੰ ਦੱਖਣੀ ਅਫਰੀਕਾ ਖ਼ਿਲਾਫ਼ 19 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਵਨਡੇ ਅੰਤਰਰਾਸ਼ਟਰੀ ਸੀਰੀਜ਼ ਲਈ ਵੀ ਭਾਰਤ ਦਾ ਉਪ-ਕਪਤਾਨ ਨਿਯੁਕਤ ਕੀਤਾ ਗਿਆ ਹੈ। ਕੋਹਲੀ ਦੇ ਹਵਾਲੇ ਨਾਲ ਬੀ.ਸੀ.ਸੀ.ਆਈ. ਨੇ ਕਿਹਾ ਕਿ ਸੁਪਰਸਟਾਰ ਬੱਲੇਬਾਜ਼ ਅੱਜ ਸਵੇਰੇ ਆਪਣੀ ਪਿੱਠ ਦੇ ਉਪਰਲੇ ਹਿੱਸੇ 'ਚ ਦਰਦ ਕਾਰਨ ਪਰੇਸ਼ਾਨ ਸੀ। ਬੀ.ਸੀ.ਸੀ.ਆਈ. ਨੇ ਕਿਹਾ, ''ਉਹ ਦਿ ਵਾਂਡਰਰਜ਼ 'ਚ ਦੱਖਣੀ ਅਫਰੀਕਾ ਦੇ ਖ਼ਿਲਾਫ਼ ਦੂਜੇ ਟੈਸਟ 'ਚ ਨਹੀਂ ਖੇਡਣਗੇ। ਬੀ.ਸੀ.ਸੀ.ਆਈ. ਦੀ ਮੈਡੀਕਲ ਟੀਮ ਟੈਸਟ ਮੈਚ ਦੌਰਾਨ ਉਸ ਦੀ ਦੇਖਭਾਲ ਕਰੇਗੀ।'

ਇਹ ਵੀ ਪੜ੍ਹੋ: ਪਾਕਿਸਤਾਨੀ ਆਲਰਾਊਂਡਰ ਮੁਹੰਮਦ ਹਫੀਜ਼ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ

ਪਿਛਲੇ 2 ਦੋ ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਸੈਂਕੜਾ ਲਗਾਉਣ 'ਚ ਨਾਕਾਮ ਰਹੇ ਕੋਹਲੀ ਕੇਪਟਾਊਨ 'ਚ ਚੱਲ ਰਹੀ ਸੀਰੀਜ਼ ਦੇ ਆਖਰੀ ਟੈਸਟ 'ਚ ਟੈਸਟ ਮੈਚਾਂ ਦਾ ਸੈਂਕੜਾ ਪੂਰਾ ਨਹੀਂ ਕਰ ਸਕਣਗੇ। 33 ਸਾਲਾ ਕੋਹਲੀ ਦੱਖਣੀ ਅਫਰੀਕਾ ਖ਼ਿਲਾਫ਼ ਵਨਡੇ ਅੰਤਰਰਾਸ਼ਟਰੀ ਸੀਰੀਜ਼ 'ਚ ਖੇਡਣਗੇ। ਰਾਹੁਲ ਉਸ ਸੀਰੀਜ਼ ਵਿਚ ਟੀਮ ਇੰਡੀਆ ਦੀ ਅਗਵਾਈ ਕਰਨਗੇ, ਕਿਉਂਕਿ ਸੀਮਤ ਓਵਰਾਂ ਦੇ ਫਾਰਮੈਟ ਦੇ ਨਵੇਂ ਕਪਤਾਨ ਰੋਹਿਤ ਸ਼ਰਮਾ ਸੱਟ ਕਾਰਨ ਬਾਹਰ ਹੋ ਗਏ ਹਨ। ਜੇਕਰ ਸਭ ਕੁਝ ਠੀਕ ਰਿਹਾ ਤਾਂ ਕੋਹਲੀ ਭਾਰਤੀ ਟੀਮ ਦੇ ਸ਼ੈਡਿਊਲ ਮੁਤਾਬਕ ਹੁਣ ਆਪਣਾ 100ਵਾਂ ਟੈਸਟ ਬੈਂਗਲੁਰੂ 'ਚ ਸ਼੍ਰੀਲੰਕਾ ਖ਼ਿਲਾਫ਼ ਫਰਵਰੀ 'ਚ ਖੇਡਣਗੇ। ਭਾਰਤ ਨੇ ਪਿਛਲੇ ਹਫ਼ਤੇ ਸੀਰੀਜ਼ ਦਾ ਪਹਿਲਾ ਟੈਸਟ ਜਿੱਤਿਆ ਸੀ ਅਤੇ ਹੁਣ ਟੀਮ ਦੀਆਂ ਨਜ਼ਰਾਂ ਦੱਖਣੀ ਅਫਰੀਕਾ 'ਚ ਪਹਿਲੀ ਟੈਸਟ ਸੀਰੀਜ਼ ਜਿੱਤਣ 'ਤੇ ਟਿਕੀਆਂ ਹੋਈਆਂ ਹਨ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News