ਬੰਗਾਲ ਨੂੰ ਹਰਾ ਕੇ ਸੌਰਾਸ਼ਟ ਪਹਿਲੀ ਵਾਰ ਬਣਿਆ ਰਣਜੀ ਟਰਾਫੀ ਚੈਂਪੀਅਨ

03/13/2020 5:55:41 PM

ਸਪੋਰਸਟ ਡੈਸਕ— ਕਪਤਾਨ ਜੈਦੇਵ ਉਨਾਦਕਤ ਦੇ ਮਹੱਤਵਪੂਰਨ ਮੌਕੇ ’ਤੇ ਸ਼ਾਨਦਾਰ ਸਪੈੱਲ ਨਾਲ ਸੌਰਾਸ਼ਟਰ ਨੇ ਸ਼ੁੱਕਰਵਾਰ ਇਥੇ ਬੰਗਾਲ ਵਿਰੁੱਧ ਪਹਿਲੀ ਪਾਰੀ ਵਿਚ ਬੜ੍ਹਤ ਦੇ ਆਧਾਰ ’ਤੇ ਪਹਿਲੀ ਵਾਰ ਰਣਜੀ ਟਰਾਫੀ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਬੰਗਾਲ ਪੰਜਵੇਂ ਦਿਨ ਦੀ ਖੇਡ ਸ਼ੁਰੂ ਹੋਣ ਤੋਂ ਪਹਿਲਾਂ ਪਹਿਲੀ ਪਾਰੀ ਵਿਚ ਬੜ੍ਹਤ ਹਾਸਲ ਕਰਨ ਦੀ ਬਿਹਤਰ ਸਥਿਤੀ ਵਿਚ ਦਿਸ ਰਿਹਾ ਸੀ। ਅਨੁਸਤੁਪ ਮਜ਼ੂਮਦਾਰ (63) ਤੇ ਅਰਣਬ ਨੰਦੀ (ਅਜੇਤੂ 40) ਨੇ ਵੀਰਵਾਰ ਆਖਰੀ ਸੈਸ਼ਨ ਵਿਚ 91 ਦੌੜਾਂ ਜੋੜ ਕੇ ਟੀਮ ਦੀਆਂ ਉਮੀਦਾਂ ਜਗਾ ਦਿੱਤੀਆਂ ਸਨ ਪਰ ਸੈਮੀਫਾਈਨਲ ਵਿਚ ਗੁਜਰਾਤ ਵਿਰੁੱਧ ਆਖਰੀ ਦਿਨ 7 ਵਿਕਟਾਂ ਲੈ ਕੇ ਸੌਰਾਸ਼ਟਰ ਨੂੰ ਫਾਈਨਲ ਵਿਚ ਪਹੁੰਚਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਉਨਾਦਕਤ ਨੇ ਫਿਰ ਸਹੀ ਸਮੇਂ ’ਤੇ ਬਿਹਤਰੀਨ ਗੇਂਦਬਾਜ਼ੀ ਕੀਤੀ ਤੇ ਆਪਣੀ ਟੀਮ ਨੂੰ ਇਤਿਹਾਸ ਰਚਣ ਦੇ ਨੇੜੇ ਪਹੁੰਚਾਇਆ।

PunjabKesari

ਖੱਬੇ ਹੱਥ ਦੇ ਇਸ ਤੇਜ਼ ਗੇਂਦਬਾਜ਼ ਨੇ ਮਜ਼ੂਮਦਾਰ ਨੂੰ ਐੱਲ. ਬੀ. ਡਬਲਯੂ. ਆਊਟ ਕੀਤਾ ਤੇ ਫਿਰ ਆਕਾਸ਼ਦੀਪ ਨੂੰ ਰਨ ਆਊਟ ਕੀਤਾ। ਇਨ੍ਹਾਂ ਦੋਵਾਂ ਦੇ ਤਿੰਨ ਗੇਂਦਾਂ ਦੇ ਅੰਦਰ ਆਊਟ ਹੋਣ ਨਾਲ ਮੈਚ ਦਾ ਪਾਸਾ ਪਲਟ ਗਿਆ। ਉਨਾਦਕਤ ਨੇ ਸੈਸ਼ਨ ਵਿਚ 13.23 ਦੀ ਔਸਤ ਨਾਲ ਸਭ ਤੋਂ ਵੱਧ 67 ਵਿਕਟਾਂ ਲਈਆਂ ਪਰ ਉਹ ਆਲ ਟਾਈਮ ਰਿਕਾਰਡ ਵਿਚ ਇਕ ਵਿਕਟ ਪਿੱਛੇ ਰਹਿ ਗਿਆ। ਸਵੇਰ ਦੇ ਸੈਸ਼ਨ ਵਿਚ 1 ਘੰਟਾ 10 ਮਿੰਟ ਦੀ ਖੇਡ ਮਹੱਤਵਪੂਰਨ ਸਾਬਤ ਹੋਈ। ਇਸ ਵਿਚਾਲੇ 27 ਦੌੜਾਂ ਬਣੀਆਂ ਤੇ ਬੰਗਾਲ ਨੇ ਆਪਣੀਆਂ ਬਾਕੀ ਬਚੀਆਂ ਚਾਰੇ ਵਿਕਟਾਂ ਗੁਆਈਆਂ। ਉਸ ਦੀ ਟੀਮ 381 ਦੌੜਾਂ ’ਤੇ ਆਊਟ ਹੋ ਗਈ ਤੇ ਇਸ ਤਰ੍ਹਾਂ ਸੌਰਾਸ਼ਟਰ ਨੇ ਪਹਿਲੀ ਪਾਰੀ ਵਿਚ 44 ਦੌੜਾਂ ਦੀ ਬੜ੍ਹਤ ਹਾਸਲ ਕੀਤੀ। ਸੌਰਾਸ਼ਟਰ ਨੇ ਆਪਣੀ ਪਹਿਲੀ ਪਾਰੀ ਵਿਚ 425 ਦੌੜਾਂ ਬਣਾਈਆਂ ਸਨ। ਸੌਰਾਸ਼ਟਰ ਨੇ ਦੂਜੀ ਪਾਰੀ ਵਿਚ ਜਦੋਂ 34 ਓਵਰਾਂ ਵਿਚ 3 ਵਿਕਟਾਂ ’ਤੇ 105 ਦੌੜਾਂ ਬਣਾਈਆਂ ਸਨ, ਉਦੋਂ ਦੋਵਾਂ ਕਪਤਾਨਾਂ ਨੇ ਮੈਚ ਖਤਮ ਕਰਨ ’ਤੇ ਸਹਿਮਤੀ ਜਤਾ ਦਿੱਤੀ।

ਸੌਰਾਸ਼ਟਰ ਨੇ ਇਸ ਤਰ੍ਹਾਂ ਰਣਜੀ ਟਰਾਫੀ ਚੈਂਪੀਅਨ ਵਿਚ ਆਪਣਾ ਨਾਂ ਲਿਖਵਾਇਆ, ਜਦਕਿ ਬੰਗਾਲ ਦਾ 1989-90 ਤੋਂ ਬਾਅਦ ਪਹਿਲਾ ਖਿਤਾਬ ਜਿੱਤਣ ਦਾ ਇੰਤਜ਼ਾਰ ਵਧ ਗਿਆ। ਸੌਰਾਸ਼ਟਰ ਦੇ ਸੀਨੀਅਰ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਨੇ ਇਸ ਨੂੰ ਸ਼ਾਨਦਾਰ ਅਹਿਸਾਸ ਦੱਸਿਆ। ਉਪ-ਜੇਤੂ ਬਣਨ ਦੇ ਬਾਵਜੂਦ ਬੰਗਾਲ ਲਈ ਇਹ ਯਾਦਗਾਰ ਸੈਸ਼ਨ ਰਿਹਾ ਤੇ ਉਹ 13 ਸਾਲ ਬਾਅਦ ਫਾਈਨਲ ਵਿਚ ਪਹੁੰਚਿਆ। ਉਸ ਵਲੋਂ ਤੇਜ਼ ਗੇਂਦਬਾਜ਼ੀ ਤਿਕੜੀ ਆਕਾਸ਼ਦੀਪ, ਮੁਕੇਸ਼ ਕੁਮਾਰ ਤੇ ਇਸ਼ਾਨ ਪੋਰੇਲ ਅਤੇ ਤਜਰਬੇਕਾਰ ਬੱਲੇਬਾਜ਼ ਮਨੋਜ ਤਿਵਾੜੀ ਤੇ ਮਜ਼ੂਮਦਾਰ ਨੇ ਅਹਿਮ ਭੂਮਿਕਾ ਨਿਭਾਈ।


Related News