ਰੋਮਾਂਚਕ ਮੋੜ ''ਤੇ ਪਹੁੰਚਿਆ ਸੌਰਾਸ਼ਟਰ ਤੇ ਬੰਗਾਲ ਰਣਜੀ ਟਰਾਫੀ ਫਾਈਨਲ ਮੁਕਾਬਲਾ

3/13/2020 2:39:13 AM

ਰਾਜਕੋਟ— ਸੌਰਾਸ਼ਟਰ ਅਤੇ ਬੰਗਾਲ ਵਿਚਾਲੇ ਰਣਜੀ ਟਰਾਫੀ ਫਾਈਨਲ ਵਿਚ ਪਹਿਲੀ ਪਾਰੀ ਦੀ ਬੜ੍ਹਤ ਲਈ ਜ਼ਬਰਦਸਤ ਸੰਘਰਸ਼ ਛਿੜ ਗਿਆ ਹੈ ਕਿਉਂਕਿ ਬੜ੍ਹਤ ਦੇ ਆਧਾਰ 'ਤੇ ਹੀ ਇਸ ਵਾਰ ਖਿਤਾਬ ਦਾ ਫੈਸਲਾ ਹੋਵੇਗਾ। ਬੰਗਾਲ ਨੇ ਵੀਰਵਾਰ ਨੂੰ ਚੌਥੇ ਦਿਨ ਦੀ ਖੇਡ ਦੀ ਸਮਾਪਤੀ ਤਕ 6 ਵਿਕਟਾਂ 'ਤੇ 354 ਦੌੜਾਂ ਬਣਾ ਲਈਆਂ ਹਨ ਤੇ ਉਹ ਸੌਰਾਸ਼ਟਰ ਦੀਆਂ ਪਹਿਲੀ ਪਾਰੀ ਦੀਆਂ 425 ਦੌੜਾਂ ਤੋਂ 71 ਦੌੜਾਂ ਪਿੱਛੇ ਹੈ।  ਸ਼ੁੱਕਰਵਾਰ ਨੂੰ ਪੰਜਵੇਂ ਤੇ ਆਖਰੀ ਦਿਨ ਸਵੇਰ ਦੇ ਸੈਸ਼ਨ ਵਿਚ ਇਸ ਗੱਲ ਦਾ ਫੈਸਲਾ ਹੋ ਜਾਵੇਗਾ ਕਿ ਬੰਗਾਲ ਤੇ ਸੌਰਾਸ਼ਟਰ ਵਿਚੋਂ ਕੌਣ ਰਣਜੀ ਚੈਂਪੀਅਨ ਬਣਦਾ ਹੈ।

PunjabKesari
ਬੰਗਾਲ ਨੇ 3 ਵਿਕਟਾਂ 'ਤੇ 134 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤੇ ਸੰਦੀਪ ਚੈਟਰਟੀ (81), ਵਿਕਟਕੀਪਰ ਰਿਧੀਮਾਨ ਸਾਹਾ (64), ਅਨੁਸਤੁਪ ਮਜੂਮਦਾਰ (ਅਜੇਤੂ 58), ਸ਼ਾਹਬਾਜ਼ ਅਹਿਮਦ (16) ਤੇ ਅਰਣਵ ਨੰਦੀ (ਅਜੇਤੂ 28) ਦੀਆਂ ਸੰਘਰਸ਼ਪੂਰਨ ਪਾਰੀਆਂ ਨਾਲ ਦਿਨ ਦੀ ਸਮਾਪਤੀ ਤਕ ਆਪਣਾ ਸਕੋਰ 147 ਓਵਰਾਂ ਵਿਚ 6 ਵਿਕਟਾਂ 'ਤੇ 354 ਦੌੜਾਂ ਪਹੁੰਚਾ ਦਿੱਤਾ। ਸੰਦੀਪ ਨੇ 47 ਤੇ ਸਾਹਾ ਨੇ 4 ਦੌੜਾਂ ਤੋਂ ਆਪਣੀ ਪਾਰੀ ਨੂੰ ਅੱਗੇ ਵਧਾਇਆ। ਦੋਵਾਂ ਨੇ ਚੌਥੀ ਵਿਕਟ ਲਈ 101 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕੀਤੀ। ਸੰਦੀਪ ਨੂੰ ਧਰਮਿੰਦਰ ਸਿੰਘ ਜਡੇਜਾ  ਨੇ ਆਊਟ ਕੀਤਾ। ਸੰਦੀਪ ਦੀ ਵਿਕਟ 225 ਦੇ ਸਕੋਰ 'ਤੇ ਡਿੱਗੀ।
ਸਾਹਾ ਨੂੰ ਪ੍ਰੇਰਕ ਮਾਕੰਡ ਨੇ ਟੀਮ ਦੇ 241 ਦੇ ਸਕੋਰ 'ਤੇ ਬੋਲਡ ਕੀਤਾ। ਸਾਹਾ ਨੇ 184 ਗੇਂਦਾਂ 'ਤੇ 64 ਦੌੜਾਂ ਵਿਚ 10 ਚੌਕੇ ਤੇ 1 ਛੱਕਾ ਲਾਇਆ। ਸ਼ਾਹਬਾਜ਼ ਅਹਿਮਦ  39 ਗੇਂਦਾਂ 'ਤੇ 2 ਚੌਕਿਆਂ ਦੀ ਮਦਦ ਨਾਲ 16 ਦੌੜਾਂ ਬਣਾਉਣ ਤੋਂ ਬਾਅਦ ਚੇਤਨ ਸਕਾਰੀਆ ਦੀ ਗੇਂਦ 'ਤੇ ਬੋਲਡ ਹੋ ਗਿਆ।
ਬੰਗਾਲ ਦੀ ਛੇਵੀਂ ਵਿਕਟ 263 ਦੇ ਸਕੋਰ 'ਤੇ ਡਿੱਗੀ। ਇਸ ਸਮੇਂ ਸੌਰਾਸ਼ਟਰ ਦੀ ਟੀਮ ਹਾਵੀ ਨਜ਼ਰ ਆਉਣ ਲੱਗੀ ਸੀ ਪਰ ਮਜੂਮਦਾਰ ਤੇ ਨੰਦੀ ਨੇ 7ਵੀਂ ਵਿਕਟ ਲਈ ਅਜੇਤੂ ਸਾਂਝੇਦਾਰੀ ਵਿਚ 81 ਦੌੜਾਂ ਜੋੜ ਕੇ ਮੈਚ ਨੂੰ ਰੋਮਾਂਚਕ ਬਣਾ ਦਿੱਤਾ। ਸਟੰਪਸ ਦੇ ਸਮੇਂ ਮਜੂਮਦਾਰ 134 ਗੇਂਦਾਂ 'ਤੇ 8 ਚੌਕਿਆਂ ਦੀ ਮਦਦ ਨਾਲ 64 ਦੌੜਾਂ ਤੇ ਨੰਦੀ 82 ਗੇਂਦਾਂ 'ਤੇ 3 ਚੌਕਿਆਂ ਤੇ 1 ਛੱਕੇ ਦੇ ਸਹਾਰੇ 28 ਦੌੜਾਂ ਬਣਾ ਕੇ ਕ੍ਰੀਜ਼ 'ਤੇ ਡਟਿਆ ਹੋਇਆ ਸੀ।


Gurdeep Singh

Edited By Gurdeep Singh