ਸਾਤਵਿਕ-ਚਿਰਾਗ ਨੇ ਜਿੱਤਿਆ ਸਵਿਸ ਓਪਨ 2023 ਦਾ ਖਿਤਾਬ, ਫਾਈਨਲ 'ਚ ਚੀਨ ਦੇ ਰੇਨ-ਤਾਨ ਨੂੰ ਹਰਾਇਆ

Sunday, Mar 26, 2023 - 06:16 PM (IST)

ਬਾਸੇਲ :  ਭਾਰਤ ਦੇ ਸਾਤਵਿਕਸਾਈਰਾਜ ਰੈਂਕੀਰੈੱਡੀ ਅਤੇ ਚਿਰਾਗ ਸ਼ੈੱਟੀ ਨੇ ਐਤਵਾਰ ਨੂੰ ਸਵਿਸ ਓਪਨ ਪੁਰਸ਼ ਡਬਲਜ਼ ਫਾਈਨਲ ਵਿੱਚ ਚੀਨ ਦੇ ਰੇਨ ਜ਼ਿਆਂਗ ਯੂ ਅਤੇ ਤਾਨ ਕਿਆਂਗ ਨੂੰ ਹਰਾ ਕੇ 2023 ਦਾ ਆਪਣਾ ਪਹਿਲਾ BWF ਵਿਸ਼ਵ ਟੂਰ ਖਿਤਾਬ ਜਿੱਤਿਆ।

ਰਾਸ਼ਟਰਮੰਡਲ ਖੇਡਾਂ 2022 ਦੇ ਚੈਂਪੀਅਨ ਸਾਤਵਿਕ-ਚਿਰਾਗ ਨੇ ਚੀਨੀ ਜੋੜੀ ਨੂੰ 54 ਮਿੰਟ ਤੱਕ ਚੱਲੇ ਰੋਮਾਂਚਕ ਮੁਕਾਬਲੇ ਵਿੱਚ 21-19, 24-22 ਨਾਲ ਹਰਾਇਆ। ਇਸ ਤੋਂ ਪਹਿਲਾਂ ਸਾਤਵਿਕ-ਚਿਰਾਗ ਨੇ ਸੈਮੀਫਾਈਨਲ 'ਚ ਓਂਗ ਯੂ ਸਿਨ ਅਤੇ ਟੀਓ ਈ ਯੀ ਦੀ ਮਲੇਸ਼ੀਆ ਦੀ ਜੋੜੀ ਨੂੰ ਹਰਾਇਆ ਸੀ। ਪਹਿਲੀ ਗੇਮ 'ਚ ਭਾਰਤੀ ਜੋੜੀ ਨੇ ਚੰਗੀ ਸ਼ੁਰੂਆਤ ਤੋਂ ਬਾਅਦ ਹਮਲਾਵਰ ਪ੍ਰਦਰਸ਼ਨ ਕੀਤਾ ਅਤੇ 18-13 ਦੀ ਬੜ੍ਹਤ ਬਣਾ ਲਈ।

ਇਹ ਵੀ ਪੜ੍ਹੋ : ਰਿਸ਼ਭ ਪੰਤ ਨੂੰ ਮਿਲਣ ਪੁੱਜੇ ਰੈਨਾ, ਹਰਭਜਨ ਤੇ ਸ਼੍ਰੀਸੰਥ, ਸੁਰੇਸ਼ ਰੈਨਾ ਨੇ ਸ਼ੇਅਰ ਕੀਤੀ ਭਾਵੁਕ ਪੋਸਟ

ਜਦੋਂ ਸਾਤਵਿਕ-ਚਿਰਾਗ ਮੈਚ ਜਿੱਤਣ ਤੋਂ ਸਿਰਫ਼ ਤਿੰਨ ਅੰਕ ਦੂਰ ਸਨ, ਚੀਨੀ ਜੋੜੀ ਨੇ ਸ਼ਾਨਦਾਰ ਬਚਾਅ ਕਰਦੇ ਹੋਏ ਸਕੋਰ 18-17 ਕਰ ਦਿੱਤਾ। ਰੇਨ-ਤਾਨ ਨੇ ਖੇਡ ਖਤਮ ਹੋਣ ਤੋਂ ਪਹਿਲਾਂ ਤਿੰਨ ਹੋਰ ਅੰਕ ਹਾਸਲ ਕੀਤੇ ਪਰ ਚਿਰਾਗ ਦੇ ਸ਼ਾਨਦਾਰ ਸ਼ਾਟ ਦੀ ਚੋਣ ਨੇ ਭਾਰਤ ਨੂੰ 21-19 ਨਾਲ ਜਿੱਤ ਦਿਵਾਈ।

ਪਹਿਲੇ ਗੇਮ ਦੇ ਆਖਰੀ ਹਿੱਸੇ 'ਚ ਲੈਅ ਹਾਸਲ ਕਰਨ ਵਾਲੀ ਚੀਨੀ ਜੋੜੀ ਨੇ ਦੂਜੇ ਗੇਮ 'ਚ ਲਗਾਤਾਰ ਪੁਆਇੰਟ ਸਕੋਰ ਕੀਤੇ, ਹਾਲਾਂਕਿ ਸਾਤਵਿਕ-ਚਿਰਾਗ ਨੇ ਬ੍ਰੇਕ ਤੱਕ 11-9 ਦੀ ਬੜ੍ਹਤ ਬਣਾਈ। ਜਦੋਂ ਭਾਰਤ 20-19 'ਤੇ ਚੈਂਪੀਅਨਸ਼ਿਪ ਜਿੱਤਣ ਤੋਂ ਸਿਰਫ਼ ਇੱਕ ਅੰਕ ਦੂਰ ਸੀ, ਉਦੋਂ ਸ਼ਟਲ ਨੈੱਟ 'ਤੇ ਲਗ ਕੇ ਭਾਰਤੀ ਖ਼ੇਮੇ 'ਚ ਡਿਗ ਗਈ ਤੇ ਸਕੋਰ 20-20 ਨਾਲ ਬਰਾਬਰ ਹੋ ਗਿਆ। ਰੇਨ-ਤਾਨ ਨੇ ਇੱਕ ਸਮੇਂ 'ਤੇ 22-21 ਦੀ ਬੜ੍ਹਤ ਵੀ ਲਈ ਸੀ ਪਰ ਇਸ ਨੂੰ ਜਿੱਤ ਵਿੱਚ ਨਹੀਂ ਬਦਲ ਸਕਿਆ। ਦੂਜੇ ਪਾਸੇ ਸਾਤਵਿਕ-ਚਿਰਾਗ ਨੇ ਲਗਾਤਾਰ ਤਿੰਨ ਅੰਕ ਹਾਸਲ ਕਰਕੇ ਖਿਤਾਬ 'ਤੇ ਕਬਜ਼ਾ ਕੀਤਾ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News