ਸਾਤਵਿਕ-ਚਿਰਾਗ ਦੀ ਜਿੱਤ ਨਾਲ ਵਾਪਸੀ, ਲਕਸ਼ੈ ਜ਼ਖ਼ਮੀ ਹੋਣ ਕਾਰਨ ਬਾਹਰ

Thursday, May 29, 2025 - 11:27 AM (IST)

ਸਾਤਵਿਕ-ਚਿਰਾਗ ਦੀ ਜਿੱਤ ਨਾਲ ਵਾਪਸੀ, ਲਕਸ਼ੈ ਜ਼ਖ਼ਮੀ ਹੋਣ ਕਾਰਨ ਬਾਹਰ

ਸਿੰਗਾਪੁਰ– ਸਾਤਵਿਕ ਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਭਾਰਤ ਦੀ ਚੋਟੀ ਦੀ ਪੁਰਸ਼ ਡਬਲਜ਼ ਜੋੜੀ ਨੇ ਬੁੱਧਵਾਰ ਨੂੰ ਇੱਥੇ ਸਿੰਗਾਪੁਰ ਓਪਨ ਸੁਪਰ 750 ਬੈਡਮਿੰਟਨ ਟੂਰਨਾਮੈਂਟ ਵਿਚ ਜਿੱਤ ਦੇ ਨਾਲ ਵਾਪਸੀ ਕੀਤੀ ਜਦਕਿ ਲਕਸ਼ੈ ਸੇਨ ਨੂੰ ਨਿਰਾਸ਼ਾ ਹੱਥ ਲੱਗੀ ਤੇ ਉਸ ਨੂੰ ਪਿੱਠ ਦੇ ਹੇਠਲੇ ਹਿੱਸੇ ਵਿਚ ਦਰਦ ਹੋਣ ਕਾਰਨ ਸ਼ੁਰੂਆਤੀ ਦੌਰੇ ਦੇ ਮੁਕਾਬਲੇ ਨੂੰ ਵਿਚਾਲੇ ਵਿਚ ਹੀ ਛੱਡਣਾ ਪਿਆ। ਚਿਰਾਗ ਦੀ ਪਿੱਠ ਦੀ ਸੱਟ ਦੇ ਕਾਰਨ ਮਾਰਚ ਵਿਚ ਆਲ ਇੰਗਲੈਂਡ ਓਪਨ ਵਿਚੋਂ ਹਟਣ ਤੋਂ ਬਾਅਦ ਇਹ ਜੋੜੀ ਪਹਿਲੀ ਵਾਰ ਕੋਰਟ ’ਤੇ ਉਤਰੀ ਸੀ ਤੇ ਉਸ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਮਲੇਸ਼ੀਆ ਦੇ ਚੁੰਗ ਹੋਨ ਜਿਆਨ ਤੇ ਮੁਹੰਮਦ ਹਾਈਕਾਲ ਨੂੰ ਸਿਰਫ 40 ਮਿੰਟ ਦੇ ਅੰਦਰ 21-16, 21-13 ਨਾਲ ਹਰਾਇਆ। ਇਹ 41ਵੀਂ ਰੈਂਕਿੰਗ ਵਾਲੀ ਮਲੇਸ਼ੀਆ ਜੋੜੀ ’ਤੇ ਸਾਤਵਿਕ ਤੇ ਚਿਰਾਗ ਦੀ ਦੂਜੀ ਜਿੱਤ ਹੈ।

ਮੌਜੂਦਾ ਸਮੇਂ ਵਿਚ ਵਿਸ਼ਵ ਵਿਚ 17ਵੇਂ ਨੰਬਰ ਦੇ ਖਿਡਾਰੀ ਸੇਨ ਨੇ ਚੰਗੀ ਸ਼ੁਰੂਆਤ ਕੀਤੀ ਤੇ ਪਹਿਲਾ ਸੈੱਟ 21-15 ਨਾਲ ਜਿੱਤਿਆ ਪਰ ਵਿਸ਼ਵ ਵਿਚ 19ਵੇਂ ਨੰਬਰ ਦੇ ਲਿਨ ਨੇ ਵਾਪਸੀ ਕਰਦੇ ਹੋਏ ਦੂਜਾ ਸੈੱਟ 21-17 ਨਾਲ ਜਿੱਤ ਕੇ ਸਕੋਰ ਬਰਾਬਰ ਕਰ ਲਿਆ। ਫੈਸਲਾਕੁੰਨ ਸੈੱਟ ਵਿਚ ਸੇਨ ਸੱਟ ਕਾਰਨ ਰਿਟਾਇਰ ਹੋਣ ਤੋਂ ਪਹਿਲਾਂ 5-13 ਨਾਲ ਪਿੱਛੇ ਚੱਲ ਰਿਹਾ ਸੀ।

ਮਿਕਸਡ ਡਬਲਜ਼ ਵਿਚ ਰੋਹਨ ਕਪੂਰ ਤੇ ਰੂਥਵਿਕਾ ਸ਼ਿਵਾਨੀ ਗਡੇ ਨੇ ਚੇਨ ਝੀ ਯੀ ਤੇ ਫ੍ਰਾਂਸੇਸਕਾ ਕਾਰਬਟ ਦੀ ਅਮਰੀਕੀ ਜੋੜੀ ਨੂੰ 21-16, 21-19 ਨਾਲ ਹਰਾ ਕੇ ਪ੍ਰੀ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ।

ਮਹਿਲਾ ਸਿੰਗਲਜ਼ ਵਿਚ ਆਕਰਸ਼ੀ ਕਸ਼ਯਪ ਤੇ ਉਨੱਤੀ ਹੁੱਡਾ ਨੇ ਸਖਤ ਚੁਣੌਤੀ ਪੇਸ਼ ਕੀਤੀ ਪਰ ਆਖਿਰ ਵਿਚ ਉਹ ਕ੍ਰਮਵਾਰ ਵਿਸ਼ਵ ਦੀ ਚੌਥੇ ਨੰਬਰ ਦੀ ਖਿਡਾਰਨ ਹਾਨ ਯੂ ਤੇ ਵਿਸ਼ਵ ਦੀ ਦੂਜੇ ਨੰਬਰ ਦੀ ਖਿਡਾਰਨ ਵਾਂਗ ਜੀ ਯੀ ਹੱਥੋਂ ਹਾਰ ਗਈ।


author

Tarsem Singh

Content Editor

Related News