ਸਾਤਵਿਕ-ਚਿਰਾਗ ਨੇ ਰਚਿਆ ਇਤਿਹਾਸ, ਪਹਿਲੀ ਵਾਰ ਬਣੇ ਸਿੰਗਾਪੁਰ ਓਪਨ ਦੇ ਚੈਂਪੀਅਨ
Monday, Jun 01, 2026 - 10:49 AM (IST)
ਸਿੰਗਾਪੁਰ– ਸਾਤਵਿਕ ਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਸਾਬਕਾ ਵਿਸ਼ਵ ਨੰਬਰ-1 ਜੋੜੀ ਨੇ ਐਤਵਾਰ ਨੂੰ ਪੁਰਸ਼ ਡਬਲਜ਼ ਫਾਈਨਲ ’ਚ ਇੰਡੋਨੇਸ਼ੀਆ ਦੇ ਫਜ਼ਰ ਅਲਫੀਅਨ ਤੇ ਮੁਹੰਮਦ ਸ਼ੋਹਿਬੁਲ ਫਿਕਰੀ ਦੀ ਜੋੜੀ ਨੂੰ ਹਰਾ ਕੇ ਆਪਣਾ ਪਹਿਲਾ ਸਿੰਗਾਪੁਰ ਓਪਨ ਬੈਡਮਿੰਟਨ ਖਿਤਾਬ ਜਿੱਤ ਲਿਆ।
ਏਸ਼ੀਆਈ ਖੇਡਾਂ ਤੇ ਰਾਸ਼ਟਰਮੰਡਲ ਖੇਡਾਂ ਦੀ ਚੈਂਪੀਅਨ ਇਸ ਭਾਰਤੀ ਜੋੜੀ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ 2 ਸਾਲਾਂ ’ਚ ਆਪਣਾ ਪਹਿਲਾ ਖਿਤਾਬ ਜਿੱਤਿਆ। ਇਹ ਇਨ੍ਹਾਂ ਦੇ ਕਰੀਅਰ ਦਾ 9ਵਾਂ ਬੀ. ਡਬਲਯੂ. ਐੱਫ. ਵਿਸ਼ਵ ਟੂਰ ਖਿਤਾਬ ਹੈ। ਭਾਰਤੀ ਜੋੜੀ ਨੇ ਸ਼ੁਰੂਆਤੀ ਸੈੱਟ ’ਚ ਪਿੱਛੜਨ ਤੋਂ ਬਾਅਦ ਰੋਮਾਂਚਕ ਮੁਕਾਬਲੇ ’ਚ 18-21, 21-17, 21-16 ਨਾਲ ਜਿੱਤ ਦਰਜ ਕਰਦੇ ਹੋਏ ਸੁਪਰ 750 ਪੱਧਰ ਦਾ ਆਪਣਾ ਤੀਜਾ ਖਿਤਾਬ ਵੀ ਹਾਸਲ ਕੀਤਾ।
ਵਿਸ਼ਵ ਰੈਂਕਿੰਗ ’ਚ ਚੌਥੇ ਸਥਾਨ ’ਤੇ ਕਾਬਜ਼ ਇਸ ਭਾਰਤੀ ਜੋੜੀ ਲਈ ਇਹ ਜਿੱਤ ਵਿਸ਼ੇਸ਼ ਰੂਪ ਨਾਲ ਮਹੱਤਵਪੂਰਨ ਰਹੀ, ਕਿਉਂਕਿ ਉਹ ਸਿੰਗਾਪੁਰ ਓਪਨ ’ਚ ਪੁਰਸ਼ ਡਬਲਜ਼ ਖਿਤਾਬ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ। ਸਾਤਵਿਕ ਤੇ ਚਿਰਾਗ ਨੇ ਪਿਛਲੀ ਵਾਰ 2024 ’ਚ ਥਾਈਲੈਂਡ ਓਪਨ ਦਾ ਖਿਤਾਬ ਜਿੱਤਿਆ ਸੀ। ਉਦੋਂ ਤੋਂ ਉਹ 4 ਫਾਈਨਲ ’ਚ ਪਹੁੰਚੇ ਸਨ ਪਰ ਹਰ ਵਾਰ ਉਪ ਜੇਤੂ ਰਹੇ। ਸਿੰਗਾਪੁਰ ’ਚ ਜਿੱਤ ਦੇ ਨਾਲ ਇਨ੍ਹਾਂ ਨੇ ਆਪਣੇ ਖਿਤਾਬੀ ਸੋਕੇ ਨੂੰ ਵੀ ਖਤਮ ਕਰ ਦਿੱਤਾ।
ਫਾਈਨਲ ਤੋਂ ਪਹਿਲਾਂ ਭਾਰਤੀ ਜੋੜੀ ਨੂੰ ਇੰਡੋਨੇਸ਼ੀਆ ਦੀ ਇਸ ਜੋੜੀ ਖਿਲਾਫ ਖੇਡੇ ਗਏ 3 ਮੁਕਾਬਲਿਆਂ ’ਚੋਂ 2 ’ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਵਿਰੋਧੀ ਜੋੜੀ ਖਿਲਾਫ ਉਨ੍ਹਾਂ ਦੀ ਪਿਛਲੀ ਹਾਰ ਜਨਵਰੀ ’ਚ ਮਲੇਸ਼ੀਆ ਓਪਨ ਦੇ ਕੁਆਰਟਰ ਫਾਈਨਲ ’ਚ ਹੋਈ ਸੀ।
ਇਹ ਜਿੱਤ ਭਾਰਤੀ ਜੋੜੀ ਲਈ ਇਕ ਸ਼ਾਨਦਾਰ ਹਫਤੇ ਦੀ ਸਮਾਪਤੀ ਵੀ ਰਹੀ। ਇਨ੍ਹਾਂ ਨੇ ਸੈਮੀਫਾਈਨਲ ’ਚ ਦੱਖਣੀ ਕੋਰੀਆ ਦੇ ਮੌਜੂਦਾ ਵਿਸ਼ਵ ਚੈਂਪੀਅਨ ਤੇ ਚੋਟੀ ਦਰਜਾ ਪ੍ਰਾਪਤ ਕਿਮ ਵੋਨ-ਹੋ ਅਤੇ ਸਿਓ ਸੇਉਂਗ-ਜੇ ਦੀ ਜੋੜੀ ਨੂੰ ਹਰਾ ਕੇ ਵੱਡਾ ਉਲਟਫੇਰ ਕੀਤਾ ਸੀ।
ਜਿੱਤ ਦਾ ਫੈਸਲਾਕੁੰਨ ਅੰਕ ਹਾਸਲ ਕਰਦੇ ਹੀ ਸਾਤਵਿਕ ਤੇ ਚਿਰਾਗ ਜਸ਼ਨ ਮਨਾਉਣ ਲਈ ਕੋਰਟ ’ਤੇ ਲੰਮੇ ਪੈ ਗਏ। ਇਸ ਤੋਂ ਬਾਅਦ ਸਾਤਵਿਕ ਨੇ ਬੱਚਿਆਂ ਵਰਗੀ ਖੁਸ਼ੀ ਦਾ ਪ੍ਰਦਰਸ਼ਨ ਕੀਤਾ, ਜਦਕਿ ਉਤਸ਼ਾਹਿਤ ਚਿਰਾਗ ਨੇ ਜ਼ੋਰਦਾਰ ਦਹਾੜ ਲਗਾਈ ਤੇ ਆਪਣੇ ਸਾਥੀ ਨੂੰ ਗਲ੍ਹ ਨਾਲ ਲਾਇਆ। ਬਾਅਦ ’ਚ ਦੋਵਾਂ ਖਿਡਾਰੀਆਂ ਨੇ ਕੋਰਟ ’ਤੇ ਡਾਂਸ ਕੀਤਾ ਤੇ ਪੋਡੀਅਮ ਦੇ ਚੋਟੀ ਦੇ ਸਥਾਨ ’ਤੇ ਲੰਬੇ ਸਮੇਂ ਬਾਅਦ ਵਾਪਸੀ ਦਾ ਭਰਪੂਰ ਆਨੰਦ ਲਿਆ।
