ਸਿੰਧੂ ਦੀ ਚੁਣੌਤੀ ਖਤਮ, ਸਾਤਵਿਕ-ਚਿਰਾਗ ਦੀ ਜੋੜੀ ਸਿੰਗਾਪੁਰ ਓਪਨ ਦੇ ਸੈਮੀਫਾਈਨਲ ’ਚ

Saturday, May 30, 2026 - 10:55 AM (IST)

ਸਿੰਧੂ ਦੀ ਚੁਣੌਤੀ ਖਤਮ, ਸਾਤਵਿਕ-ਚਿਰਾਗ ਦੀ ਜੋੜੀ ਸਿੰਗਾਪੁਰ ਓਪਨ ਦੇ ਸੈਮੀਫਾਈਨਲ ’ਚ

ਸਿੰਗਾਪੁਰ- ਭਾਰਤ ਦੀ ਸਟਾਰ ਖਿਡਾਰਨ ਪੀ.ਵੀ. ਸਿੰਧੂ ਵਿਸ਼ਵ ਨੰਬਰ-1 ਐਨ ਸੇ ਯੰਗ ਦੇ ਸਾਹਮਣੇ ਲਗਾਤਾਰ ਦਬਾਅ ਬਣਾਈ ਰੱਖਣ ਲਈ ਜ਼ਰੂਰੀ ਨਿਰੰਤਰਤਾ ਨਹੀਂ ਦਿਖਾ ਸਕੀ ਤੇ ਸ਼ੁੱਕਰਵਾਰ ਨੂੰ ਸਿੰਗਾਪੁਰ ਓਪਨ ਸੁਪਰ 750 ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ’ਚ ਹਾਰ ਕੇ ਉਸ ਦੀ ਮੁਹਿੰਮ ਖਤਮ ਹੋ ਗਈ ਪਰ ਪੁਰਸ਼ ਡਬਲਜ਼ ਦੀ ਧਾਕੜ ਜੋੜੀ ਸਾਤਵਿਕ ਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਨੇ ਸਖਤ ਮੁਕਾਬਲੇ ’ਚ ਜਿੱਤ ਹਾਸਲ ਕਰਕੇ ਸੈਮੀਫਾਈਨਲ ’ਚ ਜਗ੍ਹਾ ਬਣਾ ਲਈ।

ਕੋਰੀਆ ਦੀ ਖਿਡਾਰਨ ਐਨ ਸੇ ਯੰਗ ਨੇ ਇਸ ਮੁਕਾਬਲੇ ਨੂੰ 21-17, 21-14 ਨਾਲ ਜਿੱਤ ਕੇ ਸਿੰਧੂ ’ਤੇ ਆਪਣਾ ਦਬਦਬਾ ਕਾਇਮ ਰੱਖਿਆ। ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਸਿੰਧੂ ਨੇ ਵਿਚ-ਵਿਚਾਲੇ ਆਪਣੇ ਹਮਲਾਵਰ ਖੇਡ ਦੀ ਝਲਕ ਦਿਖਾਈ ਤੇ ਕੁਝ ਪੜਾਵਾਂ ’ਚ ਕੋਰੀਆਈ ਖਿਡਾਰਨ ’ਤੇ ਦਬਾਅ ਬਣਾਉਣ ’ਚ ਸਫਲ ਵੀ ਰਹੀ ਪਰ ਫੈਸਲਾਕੁੰਨ ਪਲਾਂ ’ਚ ਐਨ ਸੇ ਯੰਗ ਦਾ ਬਿਹਤਰ ਕੰਟਰੋਲ, ਬਿਹਤਰੀਨ ਮੂਵਮੈਂਟ ਤੇ ਮਹੱਤਵਪੂਰਨ ਅੰਕਾਂ ਦਾ ਫਾਇਦਾ ਚੁੱਕਣ ਦੀ ਸਮਰੱਥਾ ਹਾਵੀ ਰਹੀ। ਇਸ ਹਾਰ ਦੇ ਨਾਲ ਸਿੰਧੂ ਦਾ ਮੌਜੂਦਾ ਓਲੰਪਿਕ ਚੈਂਪੀਅਨ ਵਿਰੁੱਧ ਲਗਾਤਾਰ ਹਾਰ ਦਾ ਸਿਲਸਿਲਾ 9 ਮੈਚਾਂ ਤੱਕ ਪਹੁੰਚ ਗਿਆ ਹੈ।

ਉੱਥੇ ਹੀ, ਏਸ਼ੀਆਈ ਖੇਡਾਂ ਦੇ ਚੈਂਪੀਅਨ ਤੇ ਇੱਥੇ ਚੌਥਾ ਦਰਜਾ ਪ੍ਰਾਪਤ ਸਾਤਵਿਕ ਤੇ ਚਿਰਾਗ ਨੇ ਇਕ ਸੈੱਟ ਨਾਲ ਪਿਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਮਲੇਸ਼ੀਆ ਦੇ ਖਾਈ ਸ਼ਿੰਗ ਕਾਂਗ ਤੇ ਆਰੋਨ ਤਾਈ ਨੂੰ ਇਕ ਘੰਟੇ 5 ਮਿੰਟ ਤੱਕ ਚੱਲੇ ਸਖਤ ਮੁਕਾਬਲੇ ’ਚ 19-21, 21-17, 21-13 ਨਾਲ ਹਰਾਇਆ। ਭਾਰਤੀ ਜੋੜੀ ਦਾ ਹੁਣ ਅਗਲਾ ਮੁਕਾਬਲਾ ਚੋਟੀ ਦਰਜਾ ਪ੍ਰਾਪਤ ਕੋਰੀਆ ਦੇ ਕਿਮ ਵੌਨ ਹੋ ਤੇ ਸਿਓ ਸੇਉਂਗ ਜੇ ਨਾਲ ਹੋਵੇਗਾ, ਜਿਨ੍ਹਾਂ ਨੇ 7ਵਾਂ ਦਰਜਾ ਪ੍ਰਾਪਤ ਤਾਕੁਰੋ ਹੋਕੀ ਤੇ ਯੂਗੋ ਕੋਬਾਯਾਸ਼ੀ ਦੀ ਜਾਪਾਨ ਦੀ ਜੋੜੀ ਨੂੰ 21-19, 21-18 ਨਾਲ ਹਰਾਇਆ।


author

Tarsem Singh

Content Editor

Related News