FIH ਪ੍ਰੋ ਲੀਗ ਦੇ ਯੂਰਪੀਅਨ ਸੈਸ਼ਨ ’ਚ ਭਾਰਤ ਦੀ ਅਗਵਾਈ ਲਈ ਹਰਮਨਪ੍ਰੀਤ ਦੀ ਵਾਪਸੀ

Thursday, May 28, 2026 - 10:29 AM (IST)

FIH ਪ੍ਰੋ ਲੀਗ ਦੇ ਯੂਰਪੀਅਨ ਸੈਸ਼ਨ ’ਚ ਭਾਰਤ ਦੀ ਅਗਵਾਈ ਲਈ ਹਰਮਨਪ੍ਰੀਤ ਦੀ ਵਾਪਸੀ

ਨਵੀਂ ਦਿੱਲੀ– ਕਪਤਾਨ ਤੇ ਸ਼ਾਨਦਾਰ ਡ੍ਰੈਗ-ਫਲਿੱਕਰ ਹਰਮਨਪ੍ਰੀਤ ਸਿੰਘ ਦੀ ਅਗਲੇ ਮਹੀਨੇ ਹੋਣ ਵਾਲੀ ਐੱਫ. ਆਈ. ਐੱਚ. ਪ੍ਰੋ ਲੀਗ ਦੇ ਯੂਰਪੀਅਨ ਸੈਸ਼ਨ ਦੇ ਲਈ 24 ਮੈਂਬਰੀ ਭਾਰਤੀ ਪੁਰਸ਼ ਹਾਕੀ ਟੀਮ ਦੀ ਕਪਤਾਨੀ ਕਰਨ ਦੇ ਲਈ ਬੁੱਧਵਾਰ ਨੂੰ ਵਾਪਸੀ ਹੋਈ। ਐੱਫ. ਆਈ. ਐੱਚ. ਪ੍ਰੋ ਲੀਗ ਅਗਸਤ ’ਚ ਹੋਣ ਵਾਲੇ ਵਿਸ਼ਵ ਕੱਪ ਤੋਂ ਪਹਿਲਾਂ ਤਿਆਰੀ ਦੇ ਲਈ ਇਕ ਅਹਿਮ ਟੂਰਨਾਮੈਂਟ ਹੋਵੇਗਾ। ਹਰਮਨਪ੍ਰੀਤ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਫਰਵਰੀ ’ਚ ਪ੍ਰੋ ਲੀਗ ਦਾ ਹੋਬਾਰਟ ਸੈਸ਼ਨ ਨਹੀਂ ਖੇਡਿਆ ਸੀ। ਭਾਰਤੀ ਟੀਮ 7 ਤੋਂ 9 ਜੂਨ ਤੱਕ ਟ੍ਰੇਨਿੰਗ ਤੇ ਇਕ ਦੋਸਤਾਨਾ ਮੈਚ ਦੇ ਲਈ ਬ੍ਰਸਲਜ਼ ਜਾਵੇਗੀ। ਇਸ ਸੰਖੇਪ ਕੈਂਪ ਤੋਂ ਬਾਅਦ ਭਾਰਤੀ ਟੀਮ ਪ੍ਰੋ ਲੀਗ ਦੇ ਮੁਕਾਬਲਿਆਂ ਦੇ ਲਈ 10 ਜੂਨ ਤੋਂ ਨੀਦਰਲੈਂਡ ਦੇ ਰੌਟਰਡੈਮ ’ਚ ਰਹੇਗੀ ਜਿੱਥੇ ਉਸ ਨੂੰ 14 ਤੋਂ 21 ਜੂਨ ਦੇ ਵਿਚਾਲੇ ਜਰਮਨੀ ਤੇ ਨੀਦਰਲੈਂਡ ਵਿਰੁੱਧ ਮੈਚ ਖੇਡਣੇ ਹਨ। ਇਸ ਤੋਂ ਬਾਅਦ ਭਾਰਤੀ ਟੀਮ ਲੰਡਨ ਜਾਵੇਗੀ ਜਿੱਥੇ 23 ਤੋਂ 28 ਜੂਨ ਤੱਕ ਪ੍ਰੋ ਲੀਗ ’ਚ ਉਸ ਦਾ ਮੁਕਾਬਲਾ ਪਾਕਿਸਤਾਨ ਤੇ ਇੰਗਲੈਂਡ ਨਾਲ ਹੋਵੇਗਾ।

ਟੀਮ ’ਚ ਤਜ਼ਰੇਬਕਾਰ ਖਿਡਾਰੀਆਂ ਤੇ ਨੌਜਵਾਨ ਪ੍ਰਤਿਭਾਵਾਂ ਦਾ ਇਕ ਚੰਗਾ ਸੁਮੇਲ ਹੈ ਤਾਂ ਜੋ 15 ਅਗਸਤ ਤੋਂ ਸ਼ੁਰੂ ਹੋਣ ਵਾਲੇ ਵਿਸ਼ਵ ਕੱਪ ਤੋਂ ਪਹਿਲਾਂ ਮੁੱਖ ਟੀਮ ਨੂੰ ਹੋਰ ਮਜ਼ਬੂਤ ਬਣਾਇਆ ਜਾ ਸਕੇ। ਭਾਰਤੀ ਕਪਤਾਨ ਤੇ ਡਿਫੈਂਡਰ ਹਰਮਨਪ੍ਰੀਤ ਨੂੰ ਇਕ ਮਜ਼ਬੂਤ ਡਿਫੈਂਡਰਜ਼ ਇਕਾਈ ਦਾ ਸਾਥ ਮਿਲੇਗਾ ਜਿਸ ’ਚ ਅਮਿਤ ਰੋਹਿਦਾਸ, ਜਰਮਨਪ੍ਰੀਤ ਸਿੰਘ, ਜੁਗਰਾਜ ਸਿੰਘ ਤੇ ਨੌਜਵਾਨ ਡਿਫੈਂਡਰ ਅਮਨਦੀਪ ਲਾਕੜਾ ਸ਼ਾਮਲ ਹਨ। ਮਿਡਫੀਲਡ ਦੀ ਕਮਾਨ ਤਜ਼ਰੇਬਕਾਰ ਹਾਰਦਿਕ ਸਿੰਘ ਤੇ ਮਨਪ੍ਰੀਤ ਸਿੰਘ ਤੋਂ ਇਲਾਵਾ ਵਿਵੇਕ ਸਾਗਰ ਪ੍ਰਸਾਦ ਤੇ ਰਾਜ ਕੁਮਾਰ ਪਾਲ ਦੇ ਹੱਥਾਂ ’ਚ ਹੋਵੇਗੀ। ਫਾਰਵਰਡ ਲਾਈਨ ’ਚ ਮਨਦੀਪ ਸਿੰਘ, ਸੁਖਜੀਤ ਸਿੰਘ, ਅਭਿਸ਼ੇਕ ਤੇ ਸੇਲਵਮ ਕਾਰਥੀ ਵਰਗੇ ਫਾਰਵਰਡ ਸ਼ਾਮਲ ਹਨ। ਗੋਲਕੀਪਰ ਕ੍ਰਿਸ਼ਨ ਬਹਾਦਰ ਪਾਠਕ, ਫਾਰਵਰਡ ਅਰਾਏਜੀਤ ਸਿੰਘ ਹੁੰਦਲ ਤੇ ਮਨਿੰਦਰ ਸਿੰਘ, ਡਿਫੈਂਡਰ ਪੂਵੰਨਾ ਚੰਦੁਰਾ ਬੌਬੀ ਤੇ ਮਿਡਫੀਲਡਰ ਵਿਸ਼ਨੂੰ ਕਾਂਤ ਸਿੰਘ ਨੂੰ ਸਟੈਂਡਬਾਏ ਦੇ ਤੌਰ ’ਤੇ ਰੱਖਿਆ ਗਿਆ ਹੈ।

ਟੀਮ ਇਸ ਪ੍ਰਕਾਰ ਹੈ :

ਗੋਲਕੀਪਰ : ਮੋਹਿਤ ਹੋਨੇਨਾਹੱਲੀ ਸ਼ਸ਼ੀਕੁਮਾਰ, ਸੂਰਜ ਕਰਕੇਰਾ।

ਡਿਫੈਂਡਰ : ਹਰਮਨਪ੍ਰੀਤ ਸਿੰਘ (ਕਪਤਾਨ), ਅਮਿਤ ਰੋਹਿਦਾਸ, ਸੁਮਿਤ, ਸੰਜੇ, ਯਸ਼ਦੀਪ ਸਿਵਾਚ, ਅਮਨਦੀਪ ਲਾਕੜਾ, ਜਰਮਨਪ੍ਰੀਤ ਸਿੰਘ, ਜੁਗਰਾਜ ਸਿੰਘ।

ਮਿਡਫੀਲਡਰ : ਹਾਰਦਿਕ ਸਿੰਘ, ਮਨਪ੍ਰੀਤ ਸਿੰਘ, ਰਾਜਿੰਦਰ ਸਿੰਘ, ਰਾਜ ਕੁਮਾਰ ਪਾਲ, ਨੀਲਕੰਠ ਸ਼ਰਮਾ, ਵਿਵੇਕ ਸਾਗਰ ਪ੍ਰਸਾਦ, ਰਬੀਚੰਦਰ ਸਿੰਘ ਮੋਇਰਾਂਗਥੇਮ।

ਫਾਰਵਰਡ : ਮਨਦੀਪ ਸਿੰਘ, ਸੁਖਜੀਤ ਸਿੰਘ, ਅਭਿਸ਼ੇਕ, ਆਦਿੱਤਿਆ ਅਰਜੁਨ ਲਾਲਾਗੇ, ਦਿਲਪ੍ਰੀਤ ਸਿੰਘ, ਸ਼ਿਲਾਨੰਦ ਲਾਕੜਾ, ਸੇਲਵਮ ਕਾਰਥੀ।


author

Tarsem Singh

Content Editor

Related News