ਸਿੰਧੂ ਦੂਜੇ ਦੌਰ ’ਚ, ਸ਼੍ਰੀਕਾਂਤ ਤੇ ਮਾਲਵਿਕਾ ਬਾਹਰ

Wednesday, Jun 03, 2026 - 10:29 AM (IST)

ਸਿੰਧੂ ਦੂਜੇ ਦੌਰ ’ਚ, ਸ਼੍ਰੀਕਾਂਤ ਤੇ ਮਾਲਵਿਕਾ ਬਾਹਰ

ਜਕਾਰਤਾ– 2 ਵਾਰ ਦੀ ਓਲੰਪਿਕ ਤਮਗਾ ਜੇਤੂ ਪੀ.ਵੀ. ਸਿੰਧੂ ਨੇ ਕੁਝ ਵਿਰੋਧੀ ਹਾਲਾਤ ’ਚੋਂ ਲੰਘਣ ਦੇ ਬਾਵਜੂਦ ਮੰਗਲਵਾਰ ਨੂੰ ਇੱਥੇ ਸਿੱਧੇ ਸੈੱਟਾਂ ’ਚ ਜਿੱਤ ਹਾਸਲ ਕਰਕੇ ਇੰਡੋਨੇਸ਼ੀਆ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਦੌਰ ’ਚ ਪ੍ਰਵੇਸ਼ ਕਰ ਲਿਆ ਪਰ ਕਿਦਾਂਬੀ ਸ਼੍ਰੀਕਾਂਤ ਪਹਿਲੇ ਦੌਰ ਦੇ ਅੜਿੱਕੇ ਨੂੰ ਪਾਰ ਕਰਨ ’ਚ ਅਸਫਲ ਰਿਹਾ।

ਸਿੰਧੂ ਨੇ ਇਸ ਸੁਪਰ-1000 ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਦੇ ਮੈਚ ’ਚ ਥਾਈਲੈਂਡ ਦੀ ਬੁਸਾਨਨ ਓਂਗਬਾਮਰੁੰਗਫਾਨ ਨੂੰ 51 ਮਿੰਟ ’ਚ 25-23, 21-16 ਨਾਲ ਹਰਾਇਆ। ਗੈਰ-ਦਰਜਾ ਪ੍ਰਾਪਤ ਭਾਰਤੀ ਖਿਡਾਰਨ ਸਿੰਧੂ ਦਾ ਸਾਹਮਣਾ ਦੂਜੇ ਦੌਰ ’ਚ ਮੌਜੂਦਾ ਓਲੰਪਿਕ ਚੈਂਪੀਅਨ ਤੇ ਵਿਸ਼ਵ ਦੀ ਨੰਬਰ ਇਕ ਖਿਡਾਰਨ ਆਨ ਸੇ-ਯੰਗ ਨਾਲ ਹੋ ਸਕਦਾ ਹੈ ਜਿਸ ਨੇ ਉਸ ਨੂੰ ਪਿਛਲੇ ਹਫਤੇ ਸਿੰਗਾਪੁਰ ਓਪਨ ਦੇ ਕੁਆਰਟਰ ਫਾਈਨਲ ’ਚ ਹਰਾਇਆ ਸੀ। ਆਨ ਖਿਲਾਫ ਭਾਰਤੀ ਖਿਡਾਰਨ ਦਾ ਰਿਕਾਰਡ ਚੰਗਾ ਨਹੀਂ ਹੈ। ਇਨ੍ਹਾਂ ਦੋਵਾਂ ਖਿਡਾਰਨਾਂ ਵਿਚਾਲੇ ਅਜੇ ਤੱਕ ਜਿਹੜੇ 9 ਮੈਚ ਖੇਡੇ ਗਏ ਹਨ, ਉਨ੍ਹਾਂ ਸਾਰਿਆਂ ’ਚ ਸਿੰਧੂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

ਸ਼੍ਰੀਕਾਂਤ ਪੁਰਸ਼ ਸਿੰਗਲਜ਼ ਦੇ ਪਹਿਲੇ ਦੌਰ ’ਚ ਜਾਪਾਨ ਦੇ ਯੁਸ਼ੀ ਤਨਾਕਾ ਹੱਥੋਂ 19-21, 15-21 ਨਾਲ ਹਾਰਨ ਤੋਂ ਬਾਅਦ ਟੂਰਨਾਮੈਂਟ ’ਚੋਂ ਬਾਹਰ ਹੋ ਗਿਆ। ਮਹਿਲਾ ਵਰਗ ’ਚ ਮਾਲਵਿਕਾ ਬੰਸੋਡ ਵੀ ਪਹਿਲੇ ਦੌਰ ’ਚ ਹੀ ਟੂਰਨਾਮੈਂਟ ’ਚੋਂ ਬਾਹਰ ਹੋ ਗਈ। ਉਸ ਨੂੰ ਥਾਈਲੈਂਡ ਦੀ 7ਵਾਂ ਦਰਜਾ ਪ੍ਰਾਪਤ ਪੋਰਨਪਾਵੀ ਚੋਚੁਵੋਂਗ ਨੇ ਆਸਾਨੀ ਨਾਲ 21-12, 21-10 ਨਾਲ ਹਰਾਇਆ।


author

Tarsem Singh

Content Editor

Related News