ਸਾਤਵਿਕ-ਚਿਰਾਗ ਦੀ ਜੋੜੀ ਜਾਪਾਨ ਓਪਨ ਟੂਰਨਾਮੈਂਟ ਤੋਂ ਹਟੀ

Wednesday, Jul 15, 2026 - 10:29 AM (IST)

ਸਾਤਵਿਕ-ਚਿਰਾਗ ਦੀ ਜੋੜੀ ਜਾਪਾਨ ਓਪਨ ਟੂਰਨਾਮੈਂਟ ਤੋਂ ਹਟੀ

ਟੋਕੀਓ– ਸਾਤਵਿਕਸਾਈਰਾਜ ਰੈਂਕੀਰੈੱਡੀ ਦੇ ਮੋਢੇ ਦੀ ਸਮੱਸਿਆ ਦੇ ਕਾਰਨ ਉਸ ਨੂੰ ਤੇ ਚਿਰਾਗ ਸ਼ੈੱਟੀ ਨੂੰ ਮੰਗਲਵਾਰ ਨੂੰ ਇੱਥੇ ਜਾਪਾਨ ਓਪਨ ਸੁਪਰ 750 ਬੈਡਮਿੰਟਨ ਟੂਰਨਾਮੈਂਟ ’ਚ ਮੈਚ ਵਿਚਾਲਿਓਂ ਹਟਣਾ ਪਿਆ ਜਦਕਿ ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀ.ਵੀ. ਸਿੰਧੂ ਨੇ ਮਲੇਸ਼ੀਆ ਦੀ ਵੋਂਗ ਲਿੰਗ ਚਿੰਗ ’ਤੇ ਸਿੱਧੇ ਸੈੱਟਾਂ ’ਚ ਜਿੱਤ ਦਰਜ ਕਰਕੇ ਮਹਿਲਾ ਸਿੰਗਲਜ਼ ਦੇ ਦੂਜੇ ਦੌਰ ’ਚ ਜਗ੍ਹਾ ਬਣਾਈ।

ਸਾਤਵਿਕ ਤੇ ਚਿਰਾਗ ਦੀ ਵਿਸ਼ਵ ’ਚ ਚੌਥੇ ਨੰਬਰ ਦੀ ਜੋੜੀ ਨੇ ਸਿੰਗਾਪੁਰ ਓਪਨ ਜਿੱਤ ਕੇ ਦੋ ਸਾਲਾਂ ਤੋਂ ਚੱਲੇ ਆ ਰਹੇ ਖਿਤਾਬੀ ਸੋਕੇ ਨੂੰ ਖਤਮ ਕੀਤਾ ਸੀ। ਇਸ ਤੋਂ ਬਾਅਦ ਉਸ ਨੇ ਇੰਡੋਨੇਸ਼ੀਆ ਓਪਨ ’ਚ ਹਿੱਸਾ ਨਹੀਂ ਲਿਆ ਸੀ। ਜਾਪਾਨ ਓਪਨ ’ਚ ਉਨ੍ਹਾਂ ਨੇ ਡੈੱਨਮਾਰਕ ਦੇ ਡੇਨੀਅਲ ਲੁੰਡਗਾਰਡ ਤੇ ਮੈਡਸ ਵੈਸਟਰਗਾਰਡ ਤੋਂ ਪਹਿਲਾ ਸੈੱਟ 19-21 ਨਾਲ ਹਾਰਨ ਤੋਂ ਬਾਅਦ ਹਟਣ ਦਾ ਫੈਸਲਾ ਕੀਤਾ। ਭਾਰਤੀ ਟੀਮ ਦੇ ਮੁੱਖ ਡਬਲਜ਼ ਕੋਚ ਟੈਨ ਕਿਮ ਹਰ ਨੇ ਕਿਹਾ ਕਿ ਭਾਰਤੀ ਜੋੜੀ ਅਗਲੇ ਹਫਤੇ ਹੋਣ ਵਾਲੇ ਚੀਨ ਓਪਨ ’ਚ ਹਿੱਸਾ ਨਹੀਂ ਲਵੇਗੀ ਤੇ ਅਗਸਤ ’ਚ ਭਾਰਤ ’ਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਲਈ ਆਪਣੀ ਫਿਟਨੈੱਸ ਹਾਸਲ ਕਰਨ ਲਈ ਸੱਟ ਤੋਂ ਉੱਭਰਨ ਦੀ ਪ੍ਰਕਿਰਿਆ ’ਤੇ ਧਿਆਨ ਦੇਵੇਗੀ।

ਇਸ ਤੋਂ ਪਹਿਲਾਂ ਵਿਸ਼ਵ ਰੈਂਕਿੰਗ ’ਚ ਨੰਬਰ-10 ’ਤੇ ਕਾਬਜ਼ ਸਿੰਧੂ ਨੇ ਆਪਣੀ ਸਹਿਜ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਪਹਿਲੇ ਦੌਰ ’ਚ ਵਿਸ਼ਵ ਰੈਂਕਿੰਗ ’ਚ ਨੰਬਰ-37 ’ਤੇ ਕਾਬਜ਼ ਵੋਂਗ ਨੂੰ 21-14, 21-11 ਨਾਲ ਹਰਾਇਆ। ਭਾਰਤ ਦੇ ਧਰੁਵ ਕਪਿਲਾ ਤੇ ਤਨੀਸ਼ਾ ਕ੍ਰਾਸਟੋ ਨੇ ਵੀ ਆਪਣੇ ਮਿਕਸਡ ਡਬਲਜ਼ ਮੁਕਾਬਲੇ ’ਚ ਸਕਾਟਲੈਂਡ ਦੇ ਅਲੈਗਜ਼ੈਂਡਰ ਡਨ ਤੇ ਜੂਲੀ ਮੈਕਫਰਸਨ ਨੂੰ 21-16, 21-14 ਨਾਲ ਹਰਾ ਕੇ ਦੂਜੇ ਦੌਰ ’ਚ ਪ੍ਰਵੇਸ਼ ਕੀਤਾ। ਹਾਲਾਂਕਿ ਰੋਹਨ ਕਪੂਰ ਤੇ ਰੁਤਵਿਕਾ ਸ਼ਿਵਾਨੀ ਗੱਡੇ ਪਹਿਲੇ ਹੀ ਦੌਰ ’ਚ ਚੋਟੀ ਦਰਜਾ ਪ੍ਰਾਪਤ ਚੀਨ ਦੇ ਫੈਂਗ ਯਾਨ ਝੇ ਤੇ ਹੁਆਂਗ ਡੋਂਗ ਪਿੰਗ ਤੋਂ 11-21, 10-21 ਨਾਲ ਹਾਰਨ ਤੋਂ ਬਾਅਦ ਟੂਰਨਾਮੈਂਟ ਤੋਂ ਬਾਹਰ ਹੋ ਗਏ।


author

Tarsem Singh

Content Editor

Related News