ਰਾਸ਼ਟਰਮੰਡਲ ਖੇਡਾਂ ਦੀਆਂ ਐਥਲੈਟਿਕਸ ਪ੍ਰਤੀਯੋਗਿਤਾਵਾਂ ਸੋਮਵਾਰ ਤੋਂ, ਨੀਰਜ ਦੀਆਂ ਨਜ਼ਰਾਂ ਦੂਜੇ ਸੋਨ ਤਮਗੇ ’ਤੇ

Monday, Jul 27, 2026 - 10:32 AM (IST)

ਰਾਸ਼ਟਰਮੰਡਲ ਖੇਡਾਂ ਦੀਆਂ ਐਥਲੈਟਿਕਸ ਪ੍ਰਤੀਯੋਗਿਤਾਵਾਂ ਸੋਮਵਾਰ ਤੋਂ, ਨੀਰਜ ਦੀਆਂ ਨਜ਼ਰਾਂ ਦੂਜੇ ਸੋਨ ਤਮਗੇ ’ਤੇ

ਗਲਾਸਗੋ– ਸਟਾਰ ਜੈਵਲਿਨ ਖਿਡਾਰੀ ਨੀਰਜ ਚੋਪੜਾ ਦਾ ਮੁਕਾਬਲਾ ਸੋਮਵਾਰ ਤੋਂ ਸ਼ੁਰੂ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਦੀਆਂ ਐਥਲੈਟਿਕਸ ਪ੍ਰਤੀਯੋਗਿਤਾਵਾਂ ’ਚ ਮੌਜੂਦਾ ਓਲੰਪਿਕ ਚੈਂਪੀਅਨ ਪਾਕਿਸਤਾਨ ਦੇ ਅਰਸ਼ਦ ਨਦੀਮ ਤੇ ਸ਼੍ਰੀਲੰਕਾ ਦੇ ਰਮੇਸ਼ ਥਰੰਗਾ ਪਥੀਰਾਗੇ ਤੋਂ ਹੋਵੇਗਾ ਜਦਕਿ ਭਾਰਤ ਦੀਆਂ ਨਜ਼ਰਾਂ ਪਿਛਲੇ ਸੈਸ਼ਨ ਦੀ ਤੁਲਨਾ ’ਚ ਜ਼ਿਆਦਾ ਤਮਗੇ ਜਿੱਤਣ ’ਤੇ ਹੋਣਗੀਆਂ।

ਨੀਰਜ ਤੋਂ ਇਲਾਵਾ ਭਾਰਤ ਦੇ ਸੋਨ ਤਮਗੇ ਦੇ ਪ੍ਰਮੁੱਖ ਦਾਅਵੇਦਾਰਾਂ ’ਚ ਲਾਂਗ ਜੰਪ ਦਾ ਖਿਡਾਰੀ ਮੁਰਲੀ ਸ਼੍ਰੀਸ਼ੰਕਰ ਸ਼ਾਮਲ ਹੈ ਜਿਸ ਨੇ 2022 ਦੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ ’ਚ ਚਾਂਦੀ ਤਮਗਾ ਜਿੱਤਿਆ ਸੀ। ਉੱਥੇ ਹੀ ਹਾਈ ਜੰਪ ਦਾ ਖਿਡਾਰੀ ਸਰਵੇਸ਼ ਕੁਸ਼ਾਰੇ ਵੀ ਸੋਨ ਤਮਗੇ ਦਾ ਦਾਅਵੇਦਾਰ ਹੈ। ਉਨ੍ਹਾਂ ਨੇ ਹਾਲ ਹੀ ’ਚ 2.31 ਮੀਟਰ ਦੀ ਕੋਸ਼ਿਸ਼ ਨਾਲ ਰਾਸ਼ਟਰੀ ਰਿਕਾਰਡ ਬਣਾਇਆ ਹੈ।

ਭਾਰਤੀ ਟੀਮ ਮੈਨੇਜਮੈਂਟ ਨੂੰ ਪੁਰਸ਼ਾਂ ਦੀ ਜੈਵਲਿਨ, ਲੌਂਗ ਜੰਪ, ਹਾਈ ਜੰਪ ਤੇ ਟ੍ਰਿਪਲ ਜੰਪ ਪ੍ਰਤੀਯੋਗਿਤਾ ’ਚ ਦੋ-ਦੋ ਤਮਗਿਆਂ ਦੀ ਉਮੀਦ ਹੈ। ਇਸ ਤੋਂ ਇਲਾਵਾ ਪੁਰਸ਼ਾਂ ਦੀ 10,000 ਮੀਟਰ ਦੌੜ, ਡੈਕਾਥਲਾਨ ਤੇ ਮਹਿਲਾਵਾਂ ਦੀ 10,000 ਮੀਟਰ ਪੈਦਲ ਚਾਲ ’ਚ ਵੀ ਤਮਗਾ ਮਿਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਪੁਰਸ਼ਾਂ ਦੀ 100 ਮੀਟਰ ਅੜਿੱਕਾ ਦੌੜ, ਸ਼ਾਟਪੁੱਟ ਤੇ ਮਹਿਲਾਵਾਂ ਦੀ 3000 ਮੀਟਰ ਸਟੀਪਲਚੇਜ਼ ’ਚ ਵੀ ਭਾਰਤ ਨੂੰ ਤਮਗੇ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਹੈ।

ਜੇ ਅਜਿਹਾ ਹੁੰਦਾ ਹੈ ਤਾਂ ਭਾਰਤ ਕੁੱਲ ਤਮਗੇ ਦੇ ਮਾਮਲਿਆਂ ’ਚ ਬਰਮਿੰਘਮ ’ਚ ਜਿੱਤੇ ਗਏ 8 ਤਮਗੇ (1 ਸੋਨ, 4 ਚਾਂਦੀ ਤੇ 3 ਕਾਂਸੀ ਤਮਗੇ) ਤੋਂ ਅੱਗੇ ਨਿਕਲ ਸਕਦਾ ਹੈ। ਹਾਲਾਂਕਿ ਸੋਨ ਤਮਗਿਆਂ ਦੀ ਗਿਣਤੀ ਨੂੰ ਲੈ ਕੇ ਕੋਈ ਨਿਸ਼ਚਿਤਤਾ ਨਹੀਂ ਹੈ ਕਿਉਂਕਿ ਜ਼ਿਆਦਾਤਰ ਐਥਲੈਟਿਕਸ ਪ੍ਰਤੀਯੋਗਿਤਾਵਾਂ ’ਚ ਵਿਸ਼ਵ ਪੱਧਰੀ ਖਿਡਾਰੀ ਹਿੱਸਾ ਲੈ ਰਹੇ ਹਨ।


author

Tarsem Singh

Content Editor

Related News