ਸਾਤਵਿਕ-ਚਿਰਾਗ ਦੀ ਜੋੜੀ ਪਹਿਲੀ ਵਾਰ ਬਣੀ ਇੰਡੀਆ ਓਪਨ ਚੈਂਪੀਅਨ
Sunday, Jan 16, 2022 - 07:59 PM (IST)
ਨਵੀਂ ਦਿੱਲੀ- ਸਾਤਵਿਕਸਾਈਰਾਜ ਰੰਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਜੋੜੀ ਇੰਡੋਨੇਸ਼ੀਆ ਦੇ ਤਿੰਨ ਵਾਰ ਦੇ ਵਿਸ਼ਵ ਚੈਂਪੀਅਨ ਮੁਹੰਮਦ ਅਹਿਸਾਨ ਤੇ ਹੇਂਡ੍ਰਾ ਸੇਤੀਆਵਾਨ ਦੀ ਜੋੜੀ 'ਤੇ ਸਿੱਧੇ ਗੇਮ 'ਚ ਸ਼ਾਨਦਾਰ ਜਿੱਤ ਦਰਜ ਕਰਦੇ ਹੋਏ ਐਤਵਾਰ ਨੂੰ ਇੱਥੇ ਯੋਨੇਕਸ-ਸਨਰਾਈਜ਼ ਇੰਡੀਆ ਓਪਨ ਜਿੱਤਣ ਵਾਲੀ ਦੇਸ਼ ਦੀ ਪਹਿਲੀ ਪੁਰਸ਼ ਡਬਲਜ਼ ਜੋੜੀ ਬਣ ਗਈ। ਵਿਸ਼ਵ ਰੈਂਕਿੰਗ 'ਚ 10ਵੇਂ ਸਥਾਨ 'ਤੇ ਕਾਬਜ ਇਸ ਭਾਰਤੀ ਜੋੜੀ ਨੇ ਚੋਟੀ ਦਾ ਦਰਜਾ ਪ੍ਰਾਪਤ ਇੰਡੋਨੇਸ਼ੀਆ ਦੀ ਜੋੜੀ ਨੂੰ 43 ਮਿੰਟ 'ਚ 21-16, 26-24 ਨਾਲ ਹਰਾ ਕੇ ਨਵੇਂ ਸੈਸ਼ਨ ਦੀ ਸ਼ੁਰੂਆਤ ਕੀਤੀ।
ਇਸ ਭਾਰਤੀ ਜੋੜੀ ਨੇ ਇਸ ਤੋਂ ਪਹਿਲਾਂ 2019 'ਚ ਥਾਈਲੈਂਡ 'ਚ ਆਪਣਾ ਪਹਿਲਾ ਸੁਪਰ 500 ਟੂਰਨਾਮੈਂਟ ਜਿੱਤਿਆ ਸੀ। ਇਸ ਮੈਚ ਤੋਂ ਪਹਿਲਾਂ ਇੰਡੋਨੇਸ਼ੀਆ ਦੀ ਇਸ ਜੋੜੀ ਦੇ ਖ਼ਿਲਾਫ਼ ਸਾਤਵਿਕ ਤੇ ਚਿਰਾਗ ਚਾਰ ਮੁਕਾਬਲਿਆਂ 'ਚ ਸਿਰਫ ਇਕ ਜਿੱਤ ਦਰਜ ਕਰ ਸਕੇ ਸਨ। ਕੋਵਿਡ-19 ਜਾਂਚ 'ਚ ਗ਼ਲਤ ਪਾਜ਼ੇਟਿਵ ਨਤੀਜੇ ਦੇ ਕਾਰਨ ਟੂਰਨਾਮੈਂਟ ਤੋਂ ਬਾਹਰ ਹੋਣ ਦੇ ਖ਼ਤਰੇ ਦਾ ਸਾਹਮਣਾ ਕਰਨ ਦੇ ਬਾਅਦ ਇਸ ਜੋੜੀ ਨੇ ਖ਼ਿਤਾਬ ਜਿੱਤ ਕੇ ਮਜ਼ੂਬਤ ਮਾਨਸਿਕਤਾ ਦਾ ਮੁ਼ਜ਼ਾਹਰਾ ਕੀਤਾ।
ਇਸ ਜਿੱਤ ਨਾਲ ਉਹ ਰੁਝੇਵੇਂ ਭਰੇ ਸੈਸ਼ਨ ਤੋਂ ਪਹਿਲਾ ਮਹੱਤਵਪੂਰਨ ਰੈਂਰਿੰਗ ਅੰਕ ਹਾਸਲ ਕਰਨ 'ਚ ਸਫਲ ਰਹੇ। ਦੋਵਾਂ ਦੀ ਜੋੜੀ 2019 'ਚ ਥਾਈਲੈਂਡ ਓਪਨ 'ਚ ਜਿੱਤ ਦਰਜ ਕਰਨ ਦੇ ਨਾਲ ਫ੍ਰੈਂਚ ਓਪਨ ਸੁਪਰ 750 (2019) ਦੇ ਫ਼ਾਈਨਲ 'ਚ ਪੁੱਜੀ ਸੀ। ਦੋਵਾਂ ਨੇ 2018 'ਚ ਹੈਦਰਾਬਾਦ ਓਪਨ ਸੁਪਰ 100 ਟੂਰਨਾਮੈਂਟ 'ਚ ਜਿੱਤ ਦਰਜ ਕੀਤੀ ਸੀ।