ਸਰਬਜੋਤ ਨੇ ਮਿਊਨਿਖ ਨਿਸ਼ਾਨੇਬਾਜ਼ੀ ਵਿਸ਼ਵ ਕੱਪ ’ਚ ਸੋਨ ਤਮਗਾ ਜਿੱਤਿਆ

Friday, Jun 07, 2024 - 12:38 PM (IST)

ਸਰਬਜੋਤ ਨੇ ਮਿਊਨਿਖ ਨਿਸ਼ਾਨੇਬਾਜ਼ੀ ਵਿਸ਼ਵ ਕੱਪ ’ਚ ਸੋਨ ਤਮਗਾ ਜਿੱਤਿਆ

ਮਿਊਨਿਖ– ਸਰਬਜੋਤ ਸਿੰਘ ਨੇ ਪਿਛਲੇ ਚੈਂਪੀਅਨ ਅਤੇ 4 ਵਾਰ ਦੇ ਓਲੰਪੀਅਨ ਦੀ ਮੌਜੂਦਗੀ ਵਾਲੇ ਪੁਰਸ਼ 10 ਮੀਟਰ ਏਅਰ ਪਿਸਟਲ ਮੁਕਾਬਲੇ ’ਚ ਸੋਨ ਤਮਗਾ ਜਿੱਤ ਕੇ ਵੀਰਵਾਰ ਨੂੰ ਇਥੇ ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ ’ਚ ਭਾਰਤ ਦੇ ਤਮਗਿਆਂ ਦਾ ਖਾਤਾ ਖੋਲ੍ਹਿਆ। ਭਾਰਤ ਦੇ 22 ਸਾਲਾਂ ਦੇ ਸਰਬਜੋਤ ਨੇ 8 ਨਿਸ਼ਾਨੇਬਾਜ਼ਾਂ ਦੇ ਫਾਈਨਲ ’ਚ 242.7 ਅੰਕ ਹਾਸਲ ਕੀਤੇ। ਉਨ੍ਹਾਂ ਨੇ ਚੀਨ ਦੇ ਆਪਣੇ ਨੇੜਲੇ ਮੁਕਾਬਲੇਬਾਜ਼ ਬੂ ਸ਼ੂ ਆਈ ਹੇਂਗ ਨੂੰ 0.2 ਅੰਕਾਂ ਨਾਲ ਪਛਾੜਿਆ। ਜਰਮਨੀ ਦੇ ਰੋਬਿਨ ਵਾਲਟਰ ਨੇ ਕਾਂਸੀ ਤਮਗਾ ਜਿੱਤਿਆ।
ਸਰਬਜੋਤ ਨੇ ਬੁੱਧਵਾਰ ਨੂੰ ਕੁਆਲੀਫਾਈਂਗ ’ਚ 588 ਅੰਕਾਂ ਦੇ ਨਾਲ ਚੋਟੀ ’ਤੇ ਰਹਿੰਦੇ ਹੋਏ ਫਾਈਨਲ ’ਚ ਜਗ੍ਹਾ ਬਣਾਈ ਸੀ। ਫਾਈਨਲ ’ਚ ਪਿਛਲੇ ਚੈਂਪੀਅਨ ਚੀਨ ਦੇ ਬੋਵੇਨ ਝੇਂਗ ਅਤੇ ਤੁਰਕੀ ਦੇ 4 ਵਾਰ ਦੇ ਓਲੰਪਿਕ ਜੇਤੂ ਯੁਸੂਫ ਡਿਕੇਕ ਵੀ ਚੁਣੌਤੀ ਪੇਸ਼ ਕਰ ਰਹੇ ਸਨ। ਸਰਬਜੋਤ ਨੇ ਹਾਲਾਂਕਿ ਫਾਈਨਲ ’ਚ ਲਗਾਤਾਰ ਚੰਗਾ ਪ੍ਰਦਰਸ਼ਨ ਕਰਦੇ ਹੋਏ ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ ’ਚ ਆਪਣਾ ਦੂਜਾ ਵਿਅਕਤੀਗਤ ਤਮਗਾ ਜਿੱਤਿਆ। ਇਸ ਤੋਂ ਪਹਿਲਾਂ ਉਨ੍ਹਾਂ ਨੇ ਪਿਛਲੇ ਸਾਲ ਭੋਪਾਲ ’ਚ ਵੀ ਸੋਨ ਤਮਗਾ ਜਿੱਤਿਆ ਸੀ। ਨੌਜਵਾਨ ਭਾਰਤੀ ਨਿਸ਼ਾਨੇਬਾਜ਼ ਨੇ ਸ਼ੁਰੂਆਤੀ 5 ਸ਼ਾਟ ’ਚ 3 ਵਾਰ 10 ਤੋਂ ਵੱਧ ਅੰਕ ਬਣਾ ਕੇ ਬੜ੍ਹਤ ਬਣਾਈ। ਉਸ ਨੇ 14ਵੀਂ ਸ਼ਾਟ ਤੱਕ ਬੜ੍ਹਤ ਬਰਕਰਾਰ ਰੱਖੀ ਜਦ ਵਾਲਟਰ ਨੇ ਉਨ੍ਹਾਂ ਦੀ ਬਰਾਬਰੀ ਕਰ ਲਈ। ਸਰਬਜੋਤ ਨੇ 15ਵੀਂ ਸ਼ਾਟ ’ਚ 10.8 ਅੰਕਾਂ ਦੇ ਨਾਲ ਆਪਣਾ ਦਾਅਵਾ ਮਜ਼ਬੂਤ ਕੀਤਾ ਜਦਕਿ ਵਾਲਟਰ 8.6 ਅੰਕ ਹੀ ਹਾਸਲ ਕਰ ਸਕਿਆ। 5ਵੇਂ ਨੰਬਰ ’ਤੇ ਝੇਂਗ ਦੇ ਬਾਹਰ ਹੋਣ ਤੋਂ ਬਾਅਦ ਵਾਲਟਰ ਨੇ ਡਿਕੇਕ ਨੂੰ ਪਛਾੜ ਕੇ ਕਾਂਸੀ ਤਮਗਾ ਜਿੱਤਿਆ।
ਆਖਰੀ 2 ਸ਼ਾਟਸ ਤੋਂ ਪਹਿਲਾਂ ਸਰਬਜੋਤ ਅਤੇ ਬੂ ਵਿਚਾਲੇ 1.4 ਅੰਕਾਂ ਦਾ ਫਰਕ ਸੀ ਅਤੇ ਭਾਰਤੀ ਨਿਸ਼ਾਨੇਬਾਜ਼ ਨੇ ਜਿੱਤ ਹਾਸਲ ਕਰ ਕੇ ਸੋਨ ਤਮਗਾ ਜਿੱਤ ਲਿਆ। ਇਸ ਤੋਂ ਪਹਿਲਾਂ ਸਰਬਜੋਤ ਪੈਰਿਸ ਓਲੰਪਿਕ ਲਈ ਚੋਣ ਟ੍ਰਾਇਲਾਂ ’ਚ ਵੀ ਚੋਟੀ ’ਤੇ ਰਿਹਾ ਸੀ। ਸਰਬਜੋਤ ਨੇ ਚਾਂਗਵੋਨ ’ਚ ਏਸ਼ੀਆਈ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ 2023 ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ’ਚ ਵੀ ਕਾਂਸੀ ਤਮਗਾ ਜਿੱਤਿਆ ਸੀ। ਪਿਛਲੇ ਸਾਲ ਏਸ਼ੀਆਈ ਖੇਡਾਂ ’ਚ ਸਰਬਜੋਤ ਨੇ ਪੁਰਸ਼ 10 ਮੀਟਰ ਏਅਰ ਪਿਸਟਲ ਟੀਮ ਮੁਕਾਬਲੇ ਦਾ ਸੋਨ ਤਮਗਾ ਅਤੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਦਾ ਚਾਂਦੀ ਤਮਗਾ ਜਿੱਤਿਆ ਸੀ।


author

Aarti dhillon

Content Editor

Related News