ਪਿੰਡਲੀ ਦੀ ਸੱਟ ਤੋਂ ਉਭਰੀ ਸਾਨੀਆ, ਦੁਬਈ ਓਪਨ ਨਾਲ ਕਰੇਗੀ ਵਾਪਸੀ
Monday, Feb 17, 2020 - 07:26 PM (IST)

ਦੁਬਈ : ਭਾਰਤ ਦੀ ਸਟਾਰ ਟੈਨਿਸ ਖਿਡਾਰਨ ਸਾਨੀਆ ਮਿਰਜਾ ਪਿੰਡਲੀ ਦੀ ਸੱਟ ਤੋਂ ਉਭਰਨ ਤੋਂ ਬਾਅਦ ਬੁੱਧਵਾਰ ਨੂੰ ਦੁਬਈ ਓਪਨ ਦੇ ਨਾਲ ਵਾਪਸੀ ਕਰੇਗੀ। ਪਿੰਡਲੀ ਦੀ ਸੱਟ ਕਾਰਣ ਸਾਨੀਆ ਨੂੰ ਜਨਵਰੀ ਵਿਚ ਆਸਟਰੇਲੀਆ ਓਪਨ ਦੇ ਮੁਕਾਬਲੇ ਦੇ ਵਿਚਾਲਿਓਂ ਹਟਣਾ ਪਿਆ ਸੀ। 33 ਸਾਲ ਦੀ ਸਾਨੀਆ ਨੇ ਇਸ ਟੂਰਨਾਮੈਂਟ ਲਈ ਫਰਾਂਸ ਦੀ ਕੈਰੋਲਿਨ ਗਾਰਸੀਆ ਨਾਲ ਜੋੜੀ ਬਣਾਈ ਹੈ। ਇਹ ਜੋੜੀ ਮਹਿਲਾ ਡਬਲਜ਼ ਦੇ ਪਹਿਲੇ ਦੌਰ ਵਿਚ ਬੁੱਧਵਾਰ ਨੂੰ ਰੂਸ ਦੇ ਏਲਾ ਕੁਦ੍ਰਿਯਾਵਤਸੋਵਾ ਤੇ ਸਲੋਵੇਨੀਆ ਦੀ ਕੈਟਰੀਨਾ ਸਰੇਬੋਟਨਿਕ ਦੀ ਜੋੜੀ ਨਾਲ ਭਿੜੇਗੀ।
ਸਾਨੀਆ ਨੇ ਕਿਹਾ,''ਸੱਟ ਦੇ ਕਾਰਣ ਗ੍ਰੈਂਡਸਲੈਮ ਟੂਰਨਾਮੈਂਟ ਦੇ ਵਿਚਾਲਿਓਂ ਹਟਣਾ ਸੁਖਦਾਇਕ ਤਜਰਬਾ ਸੀ। ਵਿਸ਼ੇਸ਼ ਤੌਰ 'ਤੇ ਤਦ ਜਦੋਂ ਤੁਸੀਂ ਲੰਬੀ ਬ੍ਰੇਕ ਤੋਂ ਬਾਅਦ ਵਾਪਸੀ ਕਰ ਰਹੇ ਹੋ। ਇਸ ਟੂਰਨਾਮੈਂਟ ਲਈ ਮੈਨੂੰ ਫਿੱਟ ਕਰਨ ਲਈ ਮੈਂ ਆਪਣੇ ਫਿਜੀਓ ਡਾ. ਫੈਜਲ ਹਯਾਤ ਖਾਨ ਦੀ ਧੰਨਵਾਦੀ ਹਾਂ। ਮੈਂ ਅਭਿਆਸ ਸ਼ੁਰੂ ਕਰ ਦਿੱਤਾ ਹੈ ਤੇ ਟੂਰਨਾਮੈਂਟ ਵਿਚ ਚੰਗਾ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਹਾਂ।'' ਮਾਂ ਬਣਨ ਦੇ ਕਾਰਣ ਦੋ ਸਾਲ ਦੀ ਬ੍ਰੇਕ ਤੋਂ ਬਾਅਦ ਸਰਕਟ 'ਤੇ ਵਾਪਸੀ ਕਰ ਰਹੀ ਸਾਨੀਆ ਸੱਜੀ ਪਿੰਡਲੀ ਦੀ ਸੱਟ ਕਾਰਣ ਆਪਣੇ ਪਹਿਲੇ ਗ੍ਰੈਂਡ ਸਲੈਮ ਟੂਰਨਾਮੈਂਟ ਦੇ ਮਹਿਲਾ ਡਬਲਜ਼ ਦੇ ਪਹਿਲੇ ਦੌਰ ਦੇ ਮੁਕਾਬਲੇ ਦੇ ਵਿਚਾਲਿਓਂ ਹਟ ਗਈ ਸੀ। ਬ੍ਰੇਕ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਸਾਨੀਆ ਤੇ ਯੂਕ੍ਰੇਨ ਦੀ ਉਸਦੀ ਜੋੜੀਦਾਰ ਨਾਦੀਆ ਕਿਚੇਨੋਕ ਨੇ ਹੋਬਾਰਟ ਇੰਟਰਨੈਸ਼ਨਲ ਦਾ ਡਬਲਜ਼ ਖਿਤਾਬ ਜਿੱਤਿਆ ਸੀ।