ਆਸਟਰੇਲੀਅਨ ਓਪਨ ''ਚ ਸਾਨੀਆ-ਰਾਮ ਦੀ ਜੋੜੀ ਮਿਕਸਡ ਡਬਲਜ਼ ਕੁਆਰਟਰ ਫਾਈਨਲ ''ਚ
Sunday, Jan 23, 2022 - 04:48 PM (IST)
ਮੈਲਬੋਰਨ- ਭਾਰਤ ਦੀ ਸਾਨੀਆ ਮਿਰਜ਼ਾ ਤੇ ਅਮਰੀਕਾ ਦੇ ਉਨ੍ਹਾਂ ਦੇ ਜੋੜੀਦਾਰ ਰਾਜੀਵ ਰਾਮ ਨੇ ਐਤਵਾਰ ਨੂੰ ਇੱਥੇ ਸਿੱਧੇ ਸੈੱਟ 'ਚ ਐਲੇਨ ਪੇਰੇਜ ਤੇ ਮਾਤਵੇ ਮਿਡਲਕੂਪ ਨੂੰ ਹਰਾ ਕੇ ਆਸਟਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਮਿਕਸਡ ਡਬਲਜ਼ ਦੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕੀਤਾ। ਭਾਰਤ ਤੇ ਅਮਰੀਕਾ ਦੀ ਗ਼ੈਰ ਦਰਜਾ ਪ੍ਰਾਪਤ ਜੋੜੀ ਨੇ ਕੋਰਟ ਨੰਬਰ ਤਿੰਨ 'ਤੇ ਦੂਜੇ ਦੌਰ ਦੇ ਮੁਕਾਬਲੇ ਚ ਇਕ ਘੰਟਾ 27 ਮਿੰਟ 'ਚ ਆਸਟਰੇਲੀਆ ਦੀ ਪੇਰੇਜ ਤੇ ਨੀਦਰਲੈਂਡ ਦੀ ਮਿਡਲਕੂਪ ਦੀ ਜੋੜੀ ਨੂੰ 7-6 (8/6), 6-4 ਨਾਲ ਹਰਾਇਆ।
ਕੁਆਰਟਰ ਫਾਈਨਲ 'ਚ ਸਾਨੀਆ ਤੇ ਰਾਮ ਦਾ ਮੁਕਾਬਲਾ ਸੈਮ ਸਟੋਸੁਰ ਤੇ ਮੈਥਿਊ ਐਬਡੇਨ ਤੇ ਜੇਮੀ ਫੋਰਲਿਸ ਤੇ ਜੇਸਨ ਕੁਲਬਰ ਦੀ ਆਸਟਰੇਲੀਆਈ ਜੋੜੀਆਂ ਦਰਮਿਆਨ ਹੋਣ ਵਾਲੇ ਦੂਜੇ ਦੌਰ ਦੇ ਮੁਕਾਬਲੇ ਦੀ ਜੇਤੂ ਜੋੜੀ ਨਾਲ ਹੋਵੇਗਾ। ਸਾਨੀਆ ਤੇ ਰਾਮ ਨੇ ਪਹਿਲੇ ਦੌਰ 'ਚ ਸਰਬੀਆ ਦੀ ਐਲੇਕਸਾਂਦਰ ਕਰੂਨਿਚ ਤੇ ਨਿਕੋਲਾ ਕੇਸਿਚ ਦੀ ਜੋੜੀ ਨੂੰ ਹਰਾਇਆ ਸੀ।
6 ਵਾਰ ਦੀ ਗ੍ਰੈਂਡਸਲੈਮ ਜੇਤੂ ਸਾਨੀਆ ਨੂੰ ਹਾਲਾਂਕਿ ਮਹਿਲਾ ਡਬਲਜ਼ ਦੇ ਪਹਿਲੇ ਦੌਰ 'ਚ ਹੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਮੌਜੂਦਾ ਸੈਸ਼ਨ ਦੇ ਬਾਅਦ ਸੰਨਿਆਸ ਦਾ ਐਲਾਨ ਕਰਨ ਵਾਲੀ ਸਾਨੀਆ ਟੂਰਨਾਮੈਂਟ 'ਚ ਇਕਮਾਤਰ ਭਾਰਤੀ ਖਿਡਾਰੀ ਬਚੀ ਹੈ। ਸੈਸ਼ਨ ਦੇ ਪਹਿਲੇ ਗ੍ਰੈਂਡ ਸਲੈਮ ਟੂਰਨਾਮੈਂਟ 'ਚ ਸ਼ਨੀਵਾਰ ਨੂੰ ਮਿਕਸਡ ਡਬਲਜ਼ 'ਚ ਰੋਹਨ ਬੋਪੰਨਾ ਤੇ ਕ੍ਰੋਏਸ਼ੀਆ ਦੀ ਦਾਰਿਜਾ ਜੁਰਾਕ ਸ਼ੇਬਰ ਦੀ ਜੋੜੀ ਪਹਿਲੇ ਦੌਰ 'ਚ ਹੀ ਹਾਰ ਗਈ ਸੀ।