ਜਦੋਂ ਸਾਨੀਆ ਨੂੰ ਟੈਨਿਸ ਖੇਡਣ ਤੋਂ ਕੀਤਾ ਜਾਂਦਾ ਸੀ ਮਨ੍ਹਾ, ਜਾਣੋ ਉਸ ਦੇ ਸੰਘਰਸ਼ ਬਾਰੇ

10/03/2019 4:04:22 PM

ਨਵੀਂ ਦਿੱਲੀ— ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਵੀਰਵਾਰ ਨੂੰ ਖੁਲਾਸਾ ਕੀਤਾ ਕਿ ਬਚਪਨ 'ਚ ਕਈ ਵਾਰ ਉਨ੍ਹਾਂ ਨੂੰ ਇਹ ਕਹਿੰਦੇ ਹੋਏ ਰੋਕਿਆ ਗਿਆ ਸੀ ਕਿ ਉਹ ਬਾਹਰ ਖੇਡੇਗੀ ਤਾਂ ਰੰਗ 'ਸਾਂਵਲਾ' ਹੋ ਜਾਵੇਗਾ ਅਤੇ 'ਕੋਈ ਉਨ੍ਹਾਂ ਨਾਲ ਵਿਆਹ ਨਹੀਂ ਕਰੇਗਾ। ਸਾਨੀਆ ਨੇ ਇੱਥੇ ਵਿਸ਼ਵ ਆਰਥਿਕ ਮੰਚ 'ਚ ਮਹਿਲਾਵਾਂ ਅਤੇ ਅਗਵਾਈ ਦੀ ਸਮਰਥਾ 'ਤੇ ਪੈਨਲ ਚਰਚਾ 'ਚ ਦੱਸਿਆ ਕਿ ਉਨ੍ਹਾਂ ਨੇ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ। ਉਨ੍ਹਾਂ ਦੇ ਨਾਂ 3 ਮਹਿਲਾ ਡਬਲਜ਼ ਅਤੇ ਇੰਨੇ ਹੀ ਮਿਕਸਡ ਡਬਲਜ਼ ਗ੍ਰੈਂਡਸਲੈਮ ਖਿਤਾਬ ਹਨ। ਉਹ ਭਾਰਤ ਦੀ ਸਭ ਤੋਂ ਸਫਲ ਟੈਨਿਸ ਖਿਡਾਰੀ ਹੈ ਅਤੇ ਡਬਲਿਊ.ਟੀ.ਏ. ਸਿੰਗਲ ਸੂਚੀ 'ਚ 2007 ਦੇ ਮੱਧ 'ਚ ਕਰੀਅਰ ਦੀ ਸਰਵਸ੍ਰੇਸ਼ਠ 27ਵੀਂ ਰੈਂਕਿੰਗ 'ਤੇ ਪਹੁੰਚੀ ਸੀ।
PunjabKesari
32 ਸਾਲਾ ਸਾਨੀਆ ਨੇ ਕਿਹਾ, ''ਸ਼ੁਰੂਆਤ ਕਰਾਂ ਤਾਂ ਸਭ ਤੋਂ ਪਹਿਲਾਂ ਮਾਤਾ-ਪਿਤਾ, ਗੁਆਂਢੀਆਂ, ਆਂਟੀਆਂ ਅਤੇ ਅੰਕਲ ਨੂੰ ਇਹ ਕਹਿਣਾ ਬੰਦ ਕਰਨਾ ਹੋਵੇਗਾ ਕਿ ਤੁਹਾਡਾ ਰੰਗ ਸਾਂਵਲਾ ਹੋ ਜਾਵੇਗਾ। ਜੇਕਰ ਤੁਸੀਂ ਖੇਡੋਗੇ ਤਾਂ ਕੋਈ ਵੀ ਤੁਹਾਡੇ ਨਾਲ ਵਿਆਹ ਨਹੀਂ ਕਰੇਗਾ। ਮੈਂ ਸਿਰਫ ਅੱਠ ਸਾਲ ਦੀ ਸੀ ਅਤੇ ਮੈਨੂੰ ਇਹ ਸਭ ਕਿਹਾ ਜਾਂਦਾ ਸੀ। ਮੈਂ ਸੋਚਿਆ ਕਿ ਮੈਂ ਬੱਚੀ ਹਾਂ ਅਤੇ ਸਭ ਠੀਕ ਹੋਵੇਗਾ।'' ਇਸ ਹੈਦਰਾਬਾਦੀ ਕੁੜੀ ਦੇ ਨਾਂ 41 ਡਬਲਿਊ.ਟੀ.ਏ. ਡਬਲਜ਼ ਖਿਤਾਬ ਹਨ ਅਤੇ 2015 'ਚ ਤਾਂ ਉਹ ਮਹਿਲਾ ਡਬਲਜ਼ 'ਚ ਦੁਨੀਆ ਦੀ ਨੰਬਰ ਇਕ ਖਿਡਾਰੀ ਵੀ ਬਣੀ ਸੀ।
PunjabKesari
ਉਨ੍ਹਾਂ ਕਿਹਾ, ''ਲੋਕਾਂ ਦੇ ਦਿਮਾਗ਼ 'ਚ ਇਹ ਇੰਨਾ ਭਰਿਆ ਹੋਇਆ ਹੈ ਕਿ ਲੜਕੀਆਂ ਨੂੰ ਖੂਬਸੂਰਤ ਬਣੇ ਰਹਿਣਾ ਚਾਹੀਦਾ ਹੈ ਅਤੇ ਇਸ 'ਚ ਵੀ ਉਸ ਨੂੰ ਗੋਰਾ ਹੋਣਾ ਚਾਹੀਦਾ ਹੈ। ਮੈਂ ਨਹੀਂ ਜਾਣਦੀ ਅਜਿਹਾ ਕਿਉਂ ਹੈ। ਇਸ ਕਲਚਰ ਨੂੰ ਬਦਲਣਾ ਚਾਹੀਦਾ ਹੈ।'' ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਦੀ ਪਤਨੀ ਸਾਨੀਆ ਬੱਚੇ ਦੇ ਜਨਮ ਦੇ ਬ੍ਰੇਕ ਦੇ ਬਾਅਦ ਅਗਲੇ ਸਾਲ ਪੇਸ਼ੇਵਰ ਸਰਕਟ 'ਚ ਵਾਪਸੀ 'ਤੇ ਕੰਮ ਕਰ ਰਹੀ ਹੈ। ਆਪਣੇ ਟੈਨਿਸ ਸਫਰ ਦੀ ਗੱਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪ੍ਰੇਰਣਾ ਲੈਣ ਲਈ ਸਿਰਫ ਇਕ ਖਿਡਾਰੀ ਸੀ ਉਹ ਸੀ ਮਹਾਨ ਦੌੜਾਕ ਪੀ.ਟੀ. ਊਸ਼ਾ। ਉਨ੍ਹਾਂ ਕਿਹਾ ਕਿ ਹੁਣ ਸਭ ਬਦਲ ਗਿਆ ਹੈ ਅਤੇ ਕਈ ਮਹਿਲਾ ਐਥਲੀਟ ਮੌਜੂਦਾ ਖਿਡਾਰੀਆਂ ਦੇ ਲਈ ਆਦਰਸ਼ ਬਣ ਰਹੀਆਂ ਹਨ। ਸਾਨੀਆ ਨੇ ਕਿਹਾ, ''ਮੈਨੂੰ ਮਾਣ ਹੁੰਦਾ ਹੈ ਕਿ ਮੈਂ ਮਹਿਲਾਵਾਂ ਨੂੰ ਖੇਡ ਅਪਣਾਉਣ ਅਤੇ ਕਈ ਮਹਿਲਾ ਐਥਲੀਟ ਅਤੇ ਮੌਜੂਦਾ ਖਿਡਾਰੀਆਂ ਦੇ ਲਈ ਆਦਰਸ਼ ਬਣ ਰਹੀ ਹਾਂ। ਮੇਰੇ ਟੈਨਿਸ ਕਰੀਅਰ ਦੀ ਸ਼ੁਰੂਆਤ 'ਚ ਪੀ.ਟੀ. ਊਸ਼ਾ ਸੀ ਪਰ ਅੱਜ ਅਸੀਂ ਪੀ.ਵੀ. ਸਿੰਧੂ, ਸਾਇਨਾ ਨੇਹਵਾਲ, ਦੀਪਾ ਕਰਮਾਕਰ ਅਤੇ ਕਈ ਹੋਰਨਾਂ ਦੇ ਨਾਂ ਲੈ ਸਕਦੇ ਹਾਂ।


Tarsem Singh

Content Editor

Related News