ਦੁਬਈ ਟੈਨਿਸ ਚੈਂਪੀਅਨਸ਼ਿਪ ਦੇ ਸੈਮੀਫਾਈਨਲ ''ਚ ਪੁੱਜੀ ਸਾਨੀਆ-ਹਰਾਡੇਕਾ ਦੀ ਜੋੜੀ
Thursday, Feb 17, 2022 - 04:42 PM (IST)
ਦੁਬਈ (ਭਾਸ਼ਾ)- ਸਟਾਰ ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਅਤੇ ਚੈੱਕ ਗਣਰਾਜ ਦੀ ਉਨ੍ਹਾਂ ਦੀ ਜੋੜੀਦਾਰ ਲੂਸੀ ਹਰਾਡੇਕਾ ਨੇ ਜਾਪਾਨ ਦੀ ਸ਼ੁਕੋ ਓਯਾਮਾ ਅਤੇ ਸਰਬੀਆ ਦੀ ਅਲੈਗਜ਼ੈਂਡਰਾ ਕ੍ਰੂਨਿਕ ਨੂੰ ਸਿੱਧੇ ਸੈੱਟਾਂ 'ਚ ਹਰਾ ਕੇ ਵੀਰਵਾਰ ਨੂੰ ਇੱਥੇ ਦੁਬਈ ਟੈਨਿਸ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ।
ਟੂਰਨਾਮੈਂਟ ਲਈ ਵਾਈਲਡ ਕਾਰਡ ਹਾਸਲ ਕਰਨ ਵਾਲੀ ਸਾਨੀਆ ਅਤੇ ਹਾਰਡੇਕਾ ਨੇ ਡਬਲਯੂ.ਟੀ.ਏ. 500 ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਸਰਬੀਆ ਅਤੇ ਜਾਪਾਨ ਦੀ ਜੋੜੀ ਖ਼ਿਲਾਫ਼ 7-5, 6-3 ਨਾਲ ਜਿੱਤ ਦਰਜ ਕੀਤੀ। ਸੈਮੀਫਾਈਨਲ 'ਚ ਸਾਨੀਆ ਅਤੇ ਹਾਰਡੇਕਾ ਦੀ ਜੋੜੀ ਦਾ ਸਾਹਮਣਾ ਜਾਪਾਨ ਦੀ ਸਿਖਰਲਾ ਦਰਜਾ ਪ੍ਰਾਪਤ ਏਨਾ ਸ਼ਿਬਾਹਾਰਾ ਅਤੇ ਚੀਨ ਦੀ ਸ਼ੁਆਈ ਜ਼ੇਂਗ ਦੀ ਜੋੜੀ ਅਤੇ ਯੂਕਰੇਨ ਦੀ ਲਿਊਡਮਾਲਾ ਕਿਚੇਨੋਕ ਅਤੇ ਲਾਤਵੀਆ ਦੀ ਯੇਲੇਨਾ ਓਸਤਾਪੇਂਕੋ ਦੀ ਜੋੜੀ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ।
ਸਾਨੀਆ ਨੇ 2013 'ਚ ਅਮਰੀਕਾ ਦੀ ਬੇਥਾਨੀ ਮੈਟੇਕ ਸੈਂਡਸ ਨਾਲ ਮਿਲ ਕੇ ਇੱਥੇ ਖ਼ਿਤਾਬ ਜਿੱਤਿਆ ਸੀ। ਭਾਰਤ ਦੀ ਸਭ ਤੋਂ ਸਫਲ ਮਹਿਲਾ ਟੈਨਿਸ ਖਿਡਾਰਨ 35 ਸਾਲ ਦੀ ਸਨੀਆ ਨੇ ਇਸ ਤੋਂ ਪਹਿਲਾਂ ਐਲਾਨ ਕੀਤਾ ਸੀ ਕਿ 2022 ਦਾ ਸੀਜ਼ਨ ਉਨ੍ਹਾਂ ਦਾ ਡਬਲਯੂ.ਟੀ.ਏ. ਟੂਰ 'ਤੇ ਆਖ਼ਰੀ ਸੀਜ਼ਨ ਹੋਵੇਗਾ। ਉਨ੍ਹਾਂ ਨੇ ਤਿੰਨ ਮਿਕਸਡ ਡਬਲਸ ਸਮੇਤ ਕੁੱਲ 6 ਗ੍ਰੈਂਡ ਸਲੈਮ ਖ਼ਿਤਾਬ ਜਿੱਤੇ ਹਨ।