ਪੰਤ ਦੀ ਟੀਮ ’ਚ ਚੋਣ ’ਤੇ ਸਾਬਕਾ ਸਿਲੈਕਟਰ ਨੇ ਕਿਹਾ- ਇਸ ਨਾਲ ਸਾਹਾ ਦਾ ਭਵਿੱਖ ਹੋ ਰਿਹੈ ਖ਼ਰਾਬ
Thursday, Mar 05, 2020 - 11:09 AM (IST)
ਸਪੋਰਟਸ ਡੈਸਕ— ਭਾਰਤੀ ਟੀਮ ਨੇ ਨਿਊਜ਼ੀਲੈਂਡ ਦੌਰੇ ’ਤੇ ਖੇਡੇ 2 ਟੈਸਟ ਮੈਚਾਂ ਦੀ ਸੀਰੀਜ਼ ’ਚ ਵਿਕਟਕੀਪਰ ਬੱਲੇਬਾਜ਼ ਰਿਧੀਮਾਨ ਸਾਹਾ ਨੂੰ ਟੀਮ ’ਚ ਨਹੀਂ ਚੁਣਿਆ। ਰਿਧੀਮਾਨ ਸਾਹਾ ਦੀ ਜਗ੍ਹਾ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਰਿਸ਼ਭ ਪੰਤ ’ਤੇ ਭਰੋਸਾ ਜਤਾਇਆ ਪਰ ਉਹ ਪੂਰੀ ਤਰ੍ਹਾਂ ਸੀਰੀਜ਼ ’ਚ ਫਲਾਪ ਰਹੇ। ਇਸ ’ਤੇ ਭਾਰਤ ਦੇ ਸਾਬਕਾ ਸਿਲੈਕਸ਼ਨ ਕਮੇਟੀ ਦੇ ਮੈਂਬਰ ਸੰਦੀਪ ਪਾਟਿਲ ਨੇ ਸਵਾਲ ਚੁੱਕੇ ਹਨ ਅਤੇ ਟੀਮ ਪ੍ਰਬੰਧਨ ’ਤੇ ਦੋਸ਼ ਲਾਏ ਹਨ।
ਸੰਦੀਪ ਪਾਟਿਲ ਨੇ ਕਿਹਾ ਕਿ ਤੁਸੀਂ ਰਿਸ਼ਭ ਪੰਤ ਨੂੰ ਮੌਕੇ ਦੇ ਰਹੇ ਹੋ ਪਰ ਰਿਧੀਮਾਨ ਸਾਹਾ ਦੇ ਕਰੀਅਰ ਦੇ ਨਾਲ ਖੇਡ ਰਹੇ ਹੋੋ। ਸਾਹਾ ਹਮੇਸ਼ਾ ਵਿਕਟਕੀਪਰ ਦੇ ਤੌਰ ’ਤੇ ਮੇਰੀ ਪਹਿਲੀ ਪਸੰਦ ਹਨ ਕਿਉਂਕਿ ਤੁਹਾਨੂੰ ਤਜਰਬੇ ਦੀ ਜ਼ਰੂਰਤ ਹੈ ਅਤੇ ਉਹ ਜ਼ਿਆਦਾ ਤਜਰਬੇਕਾਰ ਹੈ। ਸਾਹਾ ਨੇ ਹਮੇਸ਼ਾ ਟੀਮ ਨੂੰ ਬਚਾਇਆ ਹੈ ਤਾਂ ਤੁਸੀਂ ਉਸ ਦੀ ਬੱਲੇਬਾਜ਼ੀ ਦਾ ਆਤਮਵਿਸ਼ਵਾਸ ਕਿਉਂ ਖੋਹ ਰਹੇ ਹੋ? ਮੈਨੂੰ ਪਤਾ ਹੈ ਕਿ ਸਾਹਾ ’ਚ ਕਿਹੜੀ ਕਾਬਲੀਅਤ ਹੈ। ਮੈਂ ਵੈਸਟਇੰਡੀਜ਼ ’ਚ ਸੀ ਉਦੋਂ ਉਨ੍ਹਾਂ ਨੇ ਸੈਂਕੜਾ ਬਣਾਇਆ ਸੀ।
ਉਨ੍ਹਾਂ ਕਿਹਾ ਕਿ ਜਦੋਂ ਵੀ ਸਾਹਾ ਨੂੰ ਮੌਕਾ ਮਿਲਿਆ ਉਸ ਨੇ ਬੱਲੇ ਨਾਲ ਦੌੜਾਂ ਬਣਾਈਆਂ ਹਨ। ਇਹ ਮੰਦਭਾਗਾ ਸੀ ਕਿ ਉਹ ਸੱਟ ਦਾ ਸ਼ਿਕਾਰ ਹੋਣ ਦੇ ਕਾਰਨ ਇੰਨੇ ਲੰਬੇ ਸਮੇਂ ਤਕ ਬਾਹਰ ਰਿਹਾ ਅਤੇ ਮੇਰੇ ਹਿਸਾਬ ਨਾਲ ਉਹ ਦੁਨੀਆ ਦਾ ਸਰਵਸ੍ਰੇਸ਼ਠ ਕੀਪਰ ਹੈ। ਭਾਰਤੀ ਟੀਮ ਦੇ ਕਪਤਾਨ ਵਿਰਾਟ ਨੇ ਵੀ ਕਿਹਾ ਸੀ ਕਿ ਉਹ ਦੁਨੀਆ ਦੇ ਸਰਵਸ੍ਰੇਸ਼ਠ ਵਿਕਟਕੀਪਰ ਹਨ।
ਇਹ ਵੀ ਪੜ੍ਹੋ : IPL 2020 : ਚੈਂਪੀਅਨ ਟੀਮ ਨੂੰ ਹੁਣ 20 ਦੀ ਜਗ੍ਹਾ ਮਿਲਣਗੇ 10 ਕਰੋਡ਼ ਰੁਪਏ, ਜਾਣੋ ਵੱਡੀ ਵਜ੍ਹਾ