ਸਾਕਸ਼ੀ ਮਲਿਕ ਨੇ ਮੋਦੀ ਤੇ ਮਾਂਡਵੀਆ ਤੋਂ ਕੀਤੀ ਕੁਸ਼ਤੀ ਨੂੰ ਬਚਾਉਣ ਦੀ ਅਪੀਲ

Thursday, Nov 07, 2024 - 10:48 AM (IST)

ਚੰਡੀਗੜ੍ਹ– ਪਹਿਲਵਾਨ ਸਾਕਸ਼ੀ ਮਲਿਕ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਖੇਡ ਮੰਤਰੀ ਮਨਸੁਖ ਮਾਂਡਵੀਆ ਨੂੰ ਕੁਸ਼ਤੀ ਦਾ ਭਵਿੱਖ ਬਚਾਉਣ ਦੀ ਅਪੀਲ ਕੀਤੀ। ਮਲਿਕ ਨੇ ਸੋਸ਼ਲ ਮੀਡੀਆ ’ਤੇ ਪ੍ਰਧਾਨ ਮੰਤਰੀ ਤੇ ਖੇਡ ਮੰਤਰੀ ਨੂੰ ਸੰਬੋਧਿਤ ਕਰਦੇ ਹੋਏ ਜਾਰੀ ਵੀਡੀਓ ਵਿਚ ਕਿਹਾ, ‘‘ਪਿਛਲੇ ਸਾਲ ਕੁਸ਼ਤੀ ਫੈੱਡਰੇਸ਼ਨ ਦੀਆਂ ਚੋਣਾਂ ਹੋਈਆਂ ਸਨ। ਉਸ ਦੇ ਦੂਜੇ ਹੀ ਦਿਨ ਬ੍ਰਿਜਭੂਸ਼ਣ ਦੀ ‘ਬੇਹੂਦਗੀ’ ਅਤੇ ਦਬਦਬੇ ਨੂੰ ਤੁਸੀਂ ਤੇ ਪੂਰੇ ਦੇਸ਼ ਨੇ ਦੇਖਿਆ, ਜਿਸ ਤੋਂ ਦੁਖੀ ਹੋ ਕੇ ਅਤੇ ਬਹੁਤ ਹੀ ਪ੍ਰੇਸ਼ਾਨ ਮਨ ਨਾਲ ਮੈਨੂੰ ਆਪਣੀ ਕੁਸ਼ਤੀ ਨੂੰ ਤਿਆਗਣਾ ਪਿਆ। ਉਸ ਤੋਂ ਬਾਅਦ ਸਰਕਾਰ ਨੇ ਫੈੱਡਰੇਸ਼ਨ ਨੂੰ ਸਸਪੈਂਡ ਕਰ ਦਿੱਤਾ ਪਰ ਕੁਝ ਹੀ ਦਿਨਾਂ ਵਿਚ ਫੈੱਡਰੇਸ਼ਨ ਨੇ ਆਪਣੀਆਂ ਗਤੀਵਿਧੀਆਂ ਫਿਰ ਤੋਂ ਚਾਲੂ ਕਰ ਦਿੱਤੀਆਂ।’’

ਇਸ ’ਤੇ ਹਾਈ ਕੋਰਟ ਨੇ ਕਿਹਾ ਕਿ ਸਰਕਾਰ ਵੱਲੋਂ ਸਸਪੈਂਡ ਫੈੱਡਰੇਸ਼ਨ ਕੋਈ ਵੀ ਗਤੀਵਿਧੀਆਂ ਕਿਵੇਂ ਕਰ ਸਕਦੀ ਹੈ। ਹਾਈ ਕੋਰਟ ਨੇ ਉਨ੍ਹਾਂ ਗਤੀਵਿਧੀਆਂ ’ਤੇ ਰੋਕ ਲਾ ਦਿੱਤੀ। ਫੈੱਡਰੇਸ਼ਨ ਨੇ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ। ਹਾਈ ਕੋਰਟ ਨੇ ਫਿਰ ਤੋਂ ਫਿਟਕਾਰ ਲਾਈ ਤਾਂ ਉਨ੍ਹਾਂ ਨੇ ਬੱਚਿਆਂ ਨੂੰ ਅੱਗੇ ਕਰ ਦਿੱਤਾ।

ਸਾਕਸ਼ੀ ਨੇ ਕਿਹਾ, ‘‘ਮੈਂ ਉਨ੍ਹਾਂ ਬੱਚਿਆਂ ਦੀਆਂ ਮਜਬੂਰੀਆਂ ਸਮਝ ਸਕਦੀ ਹਾਂ, ਉਨ੍ਹਾਂ ਦਾ ਪੂਰਾ ਕਰੀਅਰ ਉਨ੍ਹਾਂ ਦੇ ਅੱਗੇ ਹੈ ਅਤੇ ਉਹ ਕਰੀਅਰ ਅਜਿਹੀ ਫੈੱਡਰੇਸ਼ਨ ਦੇ ਹੱਥ ਵਿਚ ਹੈ। ਸਰ ਮੇਰੀ ਤੁਹਾਨੂੰ ਬੇਨਤੀ ਹੈ ਕਿ ਜੇਕਰ ਤੁਹਾਨੂੰ ਲੱਗਦਾ ਹੈ ਕਿ ਬ੍ਰਿਜਭੂਸ਼ਣ ਦੇ ਦਬਦਬੇ ਵਾਲੀ ਫੈੱਡਰੇਸ਼ਨ ਨਾਲ ਬੱਚਿਆਂ ਦਾ ਭਵਿੱਖ ਸੁਰੱਖਿਅਤ ਹੈ ਤਾਂ ਤੁਸੀਂ ਫੈੱਡਰੇਸ਼ਨ ’ਤੇ ਲੱਗੀ ਪਾਬੰਦੀ ਹਟਾ ਦਿਓ ਅਤੇ ਜੇਕਰ ਅਜਿਹਾ ਨਹੀਂ ਲੱਗਦਾ ਤਾਂ ਕੋਈ ਸਥਾਈ ਹੱਲ ਸੋਚੋ।’’


Tarsem Singh

Content Editor

Related News