ਸਾਕਸ਼ੀ ਮਲਿਕ, ਅਮਨ ਸਹਿਰਾਵਤ ਤੇ ਗੀਤਾ ਫੋਗਾਟ ਨੇ ਕੁਸ਼ਤੀ ਚੈਂਪੀਅਨਜ਼ ਸੁਪਰ ਲੀਗ ਦਾ ਕੀਤਾ ਐਲਾਨ

Tuesday, Sep 17, 2024 - 10:54 AM (IST)

ਨਵੀਂ ਦਿੱਲੀ– ਓਲੰਪਿਕ ਤਮਗਾ ਜੇਤੂ ਸਾਕਸ਼ੀ ਮਲਿਕ ਤੇ ਅਮਨ ਸਹਿਰਾਵਤ ਨੇ ਸਾਬਕਾ ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਤਮਗਾ ਜੇਤੂ ਗੀਤਾ ਫੋਗਾਟ ਦੇ ਨਾਲ ਸੋਮਵਾਰ ਨੂੰ ਕੁਸ਼ਤੀ ਚੈਂਪੀਅਨਜ਼ ਸੁਪਰ ਲੀਗ (ਡਬਲਯੂ. ਸੀ. ਐੱਸ. ਐੱਲ.) ਸ਼ੁਰੂ ਕਰਨ ਦਾ ਐੈਲਾਨ ਕੀਤਾ। ਦੇਸ਼ ਦੇ ਉੱਭਰਦੇ ਪਹਿਲਵਾਨਾਂ ਲਈ ਆਯੋਜਿਤ ਹੋਣ ਵਾਲੀ ਇਸ ਲੀਗ ਲਈ ਹਾਲਾਂਕਿ ਅਜੇ ਤੱਕ ਰਾਸ਼ਟਰੀ ਸੰਘ ਦਾ ਸਮਰਥਨ ਨਹੀਂ ਮਿਲਿਆ।
ਸਾਕਸ਼ੀ ਨੇ ਬਜਰੰਗ ਪੂਨੀਆ ਤੇ ਵਿਨੇਸ਼ ਫੋਗਾਟ ਦੇ ਨਾਲ ਮਿਲ ਕੇ ਭਾਰਤੀ ਕੁਸ਼ਤੀ ਸੰਘ (ਡਬਲਯੂ. ਐੱਫ. ਆਈ.) ਦੇ ਸਾਬਕਾ ਮੁਖੀ ਬ੍ਰਿਜਭੂਸ਼ਣ ਸ਼ਰਣ ਸਿੰਘ ਵਿਰੁੱਧ ਪਹਿਲਵਾਨਾਂ ਦੇ ਵਿਰੋਧ ਦੀ ਅਗਵਾਈ ਕੀਤੀ ਸੀ। ਬ੍ਰਿਜਭੂਸ਼ਣ ’ਤੇ ਮਹਿਲਾ ਪਹਿਲਵਾਨਾਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਹੈ। ਬਜਰੰਗ ਤੇ ਵਿਨੇਸ਼ ਦੇ ਅਗਲੇ ਮਹੀਨੇ ਹੋਣ ਵਾਲੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵਿਚ ਸ਼ਾਮਲ ਹੋਣ ਤੋਂ ਬਾਅਦ ਸਾਕਸ਼ੀ ਨੇ ਖੁਦ ਨੂੰ ਉਨ੍ਹਾਂ ਦੋਵਾਂ ਤੋਂ ਵੱਖ ਕਰ ਲਿਆ ਹੈ। ਸਾਕਸ਼ੀ ਨੇ 2016 ਰੀਓ ਓਲੰਪਿਕ ਵਿਚ 58 ਕਿ. ਗ੍ਰਾ. ਭਾਰ ਵਰਗ ਵਿਚ ਕਾਂਸੀ ਤਮਗਾ ਜਿੱਤਿਆ ਸੀ। ਉਸ ਨੇ ਸੋਸ਼ਲ ਮੀਡੀਆ ’ਤੇ ਗੀਤਾ ਦੇ ਨਾਲ ਇਸ ਲੀਗ ਦਾ ਐਲਾਨ ਕੀਤਾ। ਗੀਤਾ 2012 ਵਿਸ਼ਵ ਚੈਂਪੀਅਨਸ਼ਿਪ ਵਿਚ 55 ਕਿ. ਗ੍ਰਾ. ਭਾਰ ਵਰਗ ਦੀ ਕਾਂਸੀ ਤਮਗਾ ਜੇਤੂ ਹੈ। ਇਨ੍ਹਾਂ ਦੋਵਾਂ ਨੇ ਦੱਸਿਆ ਕਿ ਇਸ ਲੀਗ ਵਿਚ ਉਨ੍ਹਾਂ ਦੇ ਨਾਲ ਪੈਰਿਸ ਓਲੰਪਿਕ ਦਾ ਕਾਂਸੀ ਤਮਗਾ ਜੇਤੂ ਅਮਨ ਵੀ ਹੈ। ਉਨ੍ਹਾਂ ਨੇ ਹਾਲਾਂਕਿ ਅਮਨ ਦੇ ਨਾਲ ਲੀਗ ਨਾਲ ਜੁੜਨ ਨੂੰ ਲੈ ਕੇ ਵਿਸਥਾਰ ਨਾਲ ਜਾਣਕਾਰੀ ਨਹੀਂ ਦਿੱਤੀ। ਗੀਤਾ ਨੇ ਉਮੀਦ ਜਤਾਈ ਕਿ ਲੀਗ ਲਈ ਉਨ੍ਹਾਂ ਨੂੰ ਸੰਘ ਤੇ ਸਰਕਾਰ ਤੋਂ ਸਮਰਥਨ ਮਿਲ ਜਾਵੇਗਾ


Aarti dhillon

Content Editor

Related News