ਸਾਇਨਾ ਤੇ ਸ਼੍ਰੀਕਾਂਤ ਮਲੇਸ਼ੀਆ ਓਪਨ ਦੇ ਪਹਿਲੇ ਦੌਰ ''ਚੋਂ ਬਾਹਰ
Tuesday, Jan 10, 2023 - 09:15 PM (IST)
ਕੁਆਲਾਲੰਪੁਰ : ਭਾਰਤ ਦੀ ਤਜਰਬੇਕਾਰ ਸ਼ਟਲਰ ਸਾਇਨਾ ਨੇਹਵਾਲ ਅਤੇ ਕਿਦਾਂਬੀ ਸ੍ਰੀਕਾਂਤ ਸੀਜ਼ਨ ਦੇ ਸ਼ੁਰੂਆਤੀ ਮਲੇਸ਼ੀਆ ਓਪਨ ਸੁਪਰ 1000 ਟੂਰਨਾਮੈਂਟ ਦੇ ਪਹਿਲੇ ਦੌਰ ਵਿੱਚ ਹਾਰ ਕੇ ਬਾਹਰ ਹੋ ਗਏ। ਦੋ ਵਾਰ ਦੀ ਰਾਸ਼ਟਰਮੰਡਲ ਖੇਡਾਂ ਦੀ ਚੈਂਪੀਅਨ ਸਾਇਨਾ ਨੂੰ ਚੀਨ ਦੀ ਹਾਨ ਯੂਈ ਨੇ 21-12, 17-21, 21-12 ਨਾਲ ਹਰਾਇਆ। ਸੱਟਾਂ ਅਤੇ ਖ਼ਰਾਬ ਫਾਰਮ ਕਾਰਨ ਸਾਇਨਾ ਪਿਛਲੇ ਸਾਲ ਵਾਂਗ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਸੀ। ਪਹਿਲਾ ਮੈਚ ਹਾਰਨ ਤੋਂ ਬਾਅਦ ਸਾਇਨਾ ਵਿਸ਼ਵ ਰੈਂਕਿੰਗ 'ਚ 30ਵੇਂ ਸਥਾਨ 'ਤੇ ਖਿਸਕ ਗਈ ਹੈ।
ਵਿਸ਼ਵ ਦੇ ਸਾਬਕਾ ਨੰਬਰ ਇਕ ਖਿਡਾਰੀ ਸ਼੍ਰੀਕਾਂਤ ਨੂੰ ਜਾਪਾਨ ਦੇ ਗੈਰ ਦਰਜਾ ਪ੍ਰਾਪਤ ਕੇਂਤਾ ਨਿਸ਼ੀਮੋਟੋ ਨੇ 21-19, 21-14 ਨਾਲ ਹਰਾਇਆ। ਖ਼ਰਾਬ ਫਾਰਮ ਨਾਲ ਜੂਝ ਰਹੇ ਵਿਸ਼ਵ ਚੈਂਪੀਅਨਸ਼ਿਪ ਦਾ ਚਾਂਦੀ ਦਾ ਤਗ਼ਮਾ ਜੇਤੂ ਸ੍ਰੀਕਾਂਤ 42 ਮਿੰਟਾਂ ਵਿੱਚ ਹਾਰ ਗਿਆ। ਉਨ੍ਹਾਂ ਨੇ ਪਹਿਲੀ ਗੇਮ ਵਿੱਚ ਸਖ਼ਤ ਟੱਕਰ ਦਿੱਤੀ ਪਰ ਨਿਸ਼ੀਮੋਟੋ ਨੇ ਲੀਡ ਲੈ ਲਈ। ਦੂਜੀ ਗੇਮ ਦੇ ਇੱਕ ਪੜਾਅ 'ਤੇ ਸਕੋਰ 12-12 ਨਾਲ ਬਰਾਬਰ ਸੀ ਪਰ ਉਸ ਤੋਂ ਬਾਅਦ ਜਾਪਾਨੀਆਂ ਨੇ ਸ਼ਿਕੰਜਾ ਕੱਸ ਲਿਆ। ਆਕਰਸ਼ੀ ਕਸ਼ਯਪ ਵੀ ਚੀਨੀ ਤਾਈਪੇ ਦੇ ਵੇਨ ਚੀ ਸੂ ਤੋਂ 10-21, 8-21 ਨਾਲ ਹਾਰ ਕੇ ਪਹਿਲੇ ਦੌਰ ਤੋਂ ਬਾਹਰ ਹੋ ਗਈ।