ਸੈਫ਼ ਫੁੱਟਸਲ ਚੈਂਪੀਅਨਸ਼ਿਪ 2026 : ਭਾਰਤ ਨੇ ਪਾਕਿ ਨੂੰ ਹਰਾ ਕੇ ਜਿੱਤਿਆ ਚਾਂਦੀ ਦਾ ਤਮਗਾ

Tuesday, Jan 27, 2026 - 05:54 PM (IST)

ਸੈਫ਼ ਫੁੱਟਸਲ ਚੈਂਪੀਅਨਸ਼ਿਪ 2026 : ਭਾਰਤ ਨੇ ਪਾਕਿ ਨੂੰ ਹਰਾ ਕੇ ਜਿੱਤਿਆ ਚਾਂਦੀ ਦਾ ਤਮਗਾ

ਬੈਂਕਾਕ (ਥਾਈਲੈਂਡ) : ਭਾਰਤੀ ਪੁਰਸ਼ ਫੁੱਟਸਲ ਟੀਮ ਨੇ 77ਵੇਂ ਗਣਤੰਤਰ ਦਿਵਸ ਦੇ ਮੌਕੇ 'ਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੇਸ਼ ਨੂੰ ਚਾਂਦੀ ਦੇ ਤਮਗੇ ਦਾ ਤੋਹਫ਼ਾ ਦਿੱਤਾ ਹੈ। ਬੈਂਕਾਕ ਦੇ ਹੂਆ ਮਾਰਕ ਇੰਡੋਰ ਸਟੇਡੀਅਮ ਵਿੱਚ ਖੇਡੀ ਗਈ ਸੈਫ਼ (SAFF) ਫੁੱਟਸਲ ਚੈਂਪੀਅਨਸ਼ਿਪ 2026 ਦੇ ਇੱਕ ਅਹਿਮ ਮੁਕਾਬਲੇ ਵਿੱਚ ਭਾਰਤ ਨੇ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ 4-1 ਦੇ ਵੱਡੇ ਅੰਤਰ ਨਾਲ ਮਾਤ ਦਿੱਤੀ। ਇਸ ਜਿੱਤ ਦੇ ਨਾਲ ਹੀ ਭਾਰਤ ਨੇ ਟੂਰਨਾਮੈਂਟ ਵਿੱਚ ਸਿਲਵਰ ਮੈਡਲ ਆਪਣੇ ਨਾਮ ਪੱਕਾ ਕਰ ਲਿਆ ਹੈ।

ਮੈਚ ਬੇਹੱਦ ਰੋਮਾਂਚਕ ਰਿਹਾ ਅਤੇ ਹਾਫ਼-ਟਾਈਮ ਤੱਕ ਦੋਵੇਂ ਟੀਮਾਂ 1-1 ਦੀ ਬਰਾਬਰੀ 'ਤੇ ਸਨ। ਭਾਰਤ ਵੱਲੋਂ ਵਿੰਸੇਂਟ ਲਾਲਟਲੁਆਂਗਜ਼ੇਲਾ ਨੇ 6ਵੇਂ ਮਿੰਟ ਵਿੱਚ ਗੋਲ ਕਰਕੇ ਸ਼ੁਰੂਆਤੀ ਬੜ੍ਹਤ ਦਿਵਾਈ, ਪਰ ਪਾਕਿਸਤਾਨ ਦੇ ਅਲੀ ਆਗਾ ਨੇ 19ਵੇਂ ਮਿੰਟ ਵਿੱਚ ਗੋਲ ਕਰਕੇ ਮੁਕਾਬਲਾ ਬਰਾਬਰ ਕਰ ਦਿੱਤਾ। ਦੂਜੇ ਹਾਫ਼ ਵਿੱਚ ਭਾਰਤੀ ਖਿਡਾਰੀਆਂ ਨੇ ਹਮਲਾਵਰ ਖੇਡ ਦਿਖਾਈ, ਜਿਸ ਵਿੱਚ ਲਾਲਸਾਵਮਪੁਈਆ ਨੇ 25ਵੇਂ ਅਤੇ 40ਵੇਂ ਮਿੰਟ ਵਿੱਚ ਦੋ ਸ਼ਾਨਦਾਰ ਗੋਲ ਕੀਤੇ, ਜਦਕਿ ਨਿਖਿਲ ਮਾਲੀ ਨੇ 32ਵੇਂ ਮਿੰਟ ਵਿੱਚ ਇੱਕ ਗੋਲ ਕਰਕੇ ਭਾਰਤ ਦੀ ਜਿੱਤ 'ਤੇ ਮੋਹਰ ਲਗਾ ਦਿੱਤੀ।

ਭਾਰਤੀ ਟੀਮ (ਫੀਫਾ ਰੈਂਕਿੰਗ 133) ਨੇ ਛੇ ਮੈਚਾਂ ਵਿੱਚ 11 ਅੰਕਾਂ ਨਾਲ ਚੈਂਪੀਅਨਸ਼ਿਪ ਦਾ ਸਫ਼ਰ ਖਤਮ ਕੀਤਾ। ਮਾਲਦੀਵ ਦੀ ਟੀਮ 18 ਅੰਕਾਂ (ਭਾਰਤ ਤੋਂ 7 ਅੰਕ ਅੱਗੇ) ਨਾਲ ਚੋਟੀ 'ਤੇ ਰਹੀ, ਜਦਕਿ ਨੇਪਾਲ ਨੇ ਵੀ 11 ਅੰਕ ਹਾਸਲ ਕੀਤੇ ਸਨ ਪਰ ਘੱਟ ਗੋਲ ਅੰਤਰ ਕਾਰਨ ਉਨ੍ਹਾਂ ਨੂੰ ਕਾਂਸੀ ਦੇ ਤਮਗੇ (ਬ੍ਰੌਂਜ਼ ਮੈਡਲ) ਨਾਲ ਸੰਤੁਸ਼ਟ ਹੋਣਾ ਪਿਆ।
 


author

Tarsem Singh

Content Editor

Related News