CWC : ਸਚਿਨ ਨੂੰ ਪਛਾਡ਼ ਇਹ ਉਪਲੱਬਧੀ ਹਾਸਲ ਕਰ ਸਕਦੇ ਹਨ ਰੋਹਿਤ ਤੇ ਵਾਰਨਰ
Monday, Jul 08, 2019 - 11:10 AM (IST)

ਲੰਡਨ— ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦਾ ਇਕ ਵਿਸ਼ਵ ਕੱਪ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਵਿਸ਼ਵ ਰਿਕਾਰਡ ਇਸ ਵਾਰ ਭਾਰਤ ਦਾ ਓਪਨਰ ਰੋਹਿਤ ਤੇ ਆਸਟਰੇਲੀਆ ਦਾ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਤੋੜ ਸਕਦੇ ਹਨ। ਸਚਿਨ ਨੇ 2003 ਦੇ ਵਿਸ਼ਵ ਕੱਪ ਵਿਚ ਦੱਖਣੀ ਅਫਰੀਕਾ ਵਿਚ 11 ਮੈਚਾਂ 'ਚ 61.18 ਦੀ ਔਸਤ ਨਾਲ 673 ਦੌੜਾਂ ਬਣਾਈਆਂ ਸਨ ਤੇ ਉਸ ਦਾ ਇਹ ਰਿਕਾਰਡ ਮੌਜੂਦਾ ਵਿਸ਼ਵ ਕੱਪ ਵਿਚ ਖਤਰੇ 'ਚ ਪੈ ਗਿਆ ਹੈ। ਇਕ ਵਿਸ਼ਵ ਕੱਪ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ਵਿਚ ਸਚਿਨ ਤੋਂ ਬਾਅਦ ਆਸਟਰੇਲੀਆ ਦੇ ਮੈਥਿਊ ਹੇਡਨ ਦਾ ਨੰਬਰ ਆਉਂਦਾ ਹੈ, ਜਿਸ ਨੇ 2007 ਦੇ ਵਿਸ਼ਵ ਕੱਪ ਵਿਚ ਵੈਸਟਇੰਡੀਜ਼ ਵਿਚ 11 ਮੈਚਾਂ ਵਿਚ 73.22 ਦੀ ਔਸਤ ਨਾਲ 659 ਦੌੜਾਂ ਬਣਾਈਆਂ ਸਨ।
ਮੌਜੂਦਾ ਵਿਸ਼ਵ ਕੱਪ ਵਿਚ ਭਾਰਤ ਦਾ ਰੋਹਿਤ 8 ਮੈਚਾਂ ਵਿਚ 92.42 ਦੀ ਔਸਤ ਨਾਲ 647 ਦੌੜਾਂ ਬਣਾ ਚੁੱਕਾ ਹੈ, ਜਦਕਿ ਵਾਰਨਰ ਨੇ 9 ਮੈਚਾਂ ਵਿਚ 79.75 ਦੀ ਔਸਤ ਨਾਲ 638 ਦੌੜਾਂ ਬਣਾਈਆਂ ਹਨ। ਇਸ ਤੋਂ ਇਲਾਵਾ ਰੋਹਿਤ ਨੇ ਇਕ ਹੋਰ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਰੋਹਿਤ ਨੇ ਸੰਗਾਕਾਰਾ ਦੇ ਇਕ ਵਰਲਡ ਕੱਪ ਵਿਚ 4 ਸੈਂਕਡ਼ਿਆਂ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਹੈ। ਰੋਹਿਤ ਦੇ ਨਾਂ ਇਸ ਵਰਲਡ ਕੱਪ ਵਿਚ 5 ਸੈਂਕਡ਼ੇ ਹਨ ਜੋ ਕਿਸੇ ਵੀ ਬੱਲੇਬਾਜ਼ ਦੇ ਨਾਂ ਨਹੀਂ ਹਨ।