ਅਫਗਾਨਿਸਤਾਨ ਖਿਲਾਫ ਧੋਨੀ-ਜਾਧਵ ਦੀ ਬੱਲੇਬਾਜ਼ੀ ਤੋਂ ਖੁਸ਼ ਨਹੀਂ ਤੇਂਦੁਲਕਰ

Sunday, Jun 23, 2019 - 04:42 PM (IST)

ਅਫਗਾਨਿਸਤਾਨ ਖਿਲਾਫ ਧੋਨੀ-ਜਾਧਵ ਦੀ ਬੱਲੇਬਾਜ਼ੀ ਤੋਂ ਖੁਸ਼ ਨਹੀਂ ਤੇਂਦੁਲਕਰ

ਸਾਊਥੰਪਟਨ— ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਅਫਗਾਨਿਸਤਾਨ ਖਿਲਾਫ ਭਾਰਤ ਦੀ ਹੌਲੀ ਬੱਲੇਬਾਜ਼ੀ 'ਤੇ ਨਿਰਾਸ਼ਾ ਜਤਾਉਂਦੇ ਹੋਏ ਕਿਹਾ ਕਿ ਮਹਿੰਦਰ ਸਿੰਘ ਧੋਨੀ ਅਤੇ ਕੇਦਾਰ ਜਾਧਵ ਸਮੇਤ ਮੱਧਕ੍ਰਮ 'ਚ ਹਾਂ ਪੱਖੀ ਬੱਲੇਬਾਜ਼ੀ ਦੀ ਕਮੀ ਦਿਸੀ। ਅਫਗਾਨਿਸਤਾਨ ਦੇ ਸਪਿਨਰਾਂ ਦੇ ਸਾਹਮਣੇ ਭਾਰਤੀ ਮਿਡਲ ਆਰਡਰ ਦੌੜਾਂ ਬਣਾਉਣ ਲਈ ਸੰਘਰਸ਼ ਕਰਦਾ ਦਿਸਿਆ ਅਤੇ ਦੋ ਵਾਰ ਦੀ ਚੈਂਪੀਅਨ ਟੀਮ ਸ਼ਨੀਵਾਰ ਨੂੰ ਇੱਥੇ 50 ਓਵਰ 'ਚ ਅੱਠ ਵਿਕਟ 'ਤੇ 224 ਦੌੜਾਂ ਹੀ ਬਣਾ ਸਕੀ।
PunjabKesari
ਅਫਗਾਨਿਸਤਾਨ ਜਿੱਤ ਦੇ ਕਾਫੀ ਕਰੀਬ ਪਹੁੰਚ ਗਿਆ ਸੀ ਜਿਸ ਨੂੰ ਆਖਰੀ ਓਵਰ 'ਚ 16 ਦੌੜਾਂ ਚਾਹੀਦੀਆਂ ਸਨ ਅਤੇ ਮੁਹੰਮਦ ਨਬੀ (55 ਗੇਂਦਾਂ 'ਚ 52 ਦੌੜਾਂ) ਟੀਮ ਨੂੰ ਟੂਰਨਾਮੈਂਟ ਦੀ ਪਹਿਲੀ ਜਿੱਤ ਦੇ ਕਾਫੀ ਕਰੀਬ ਲੈ ਆਏ ਸਨ। ਅੰਤਿਮ ਓਵਰਾਂ 'ਚ ਜਸਪ੍ਰੀਤ ਬੁਮਰਾਹ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਬਾਅਦ 50ਵੇਂ ਓਵਰ 'ਚ ਮੁਹੰਮਦ ਸ਼ਮੀ ਦੀ ਹੈਟ੍ਰਿਕ ਤੋਂ ਭਾਰਤ ਨੇ ਇਸ ਮੈਚ ਨੂੰ 11 ਦੌੜਾਂ ਨਾਲ ਆਪਣੇ ਨਾਂ ਕੀਤਾ। ਤੇਂਦੁਲਕਰ ਨੇ 'ਇੰਡੀਆ ਟੁਡੇ' ਨੂੰ ਕਿਹਾ, ''ਮੈਨੂੰ ਥੋੜ੍ਹੀ ਨਿਰਾਸ਼ਾ ਹੋਈ, ਇਹ ਬਿਹਤਰ ਹੋ ਸਕਦਾ ਸੀ। ਮੈਨੂੰ ਕੇਦਾਰ ਅਤੇ ਧੋਨੀ ਦੀ ਸਾਂਝੇਦਾਰੀ ਨਾਲ ਵੀ ਨਿਰਾਸ਼ਾ ਹੋਈ ਜੋ ਕਾਫੀ ਹੌਲੀ ਸੀ। ਅਸੀਂ ਸਪਿਨ ਗੇਂਦਬਾਜ਼ੀ ਦੇ ਖਿਲਾਫ 34 ਓਵਰ ਬੱਲੇਬਾਜ਼ੀ ਕੀਤੀ ਅਤੇ 119 ਦੌੜਾਂ ਬਣਾਈਆਂ। ਇਹ ਇਕ ਅਜਿਹਾ ਪਹਿਲੂ ਹੈ ਜਿੱਥੇ ਅਸੀਂ ਬਿਲਕੁਲ ਵੀ ਸਹਿਜ ਨਹੀਂ ਦਿਸੇ। ਹਾਂ ਪੱਖੀ ਰਵੱਈਏ ਦੀ ਕਮੀ ਦਿਸੀ।'' 
PunjabKesari
ਧੋਨੀ ਅਤੇ ਜਾਧਵ ਨੇ ਪੰਜਵੇਂ ਵਿਕਟ ਲਈ 84 ਗੇਂਦਾਂ 'ਚ 57 ਦੌੜਾਂ ਦੀ ਸਾਂਝੇਦਾਰੀ ਕੀਤੀ ਜਿਸ 'ਚ ਧੋਨੀ ਦਾ ਯੋਗਦਾਨ 36 ਗੇਂਦਾਂ 'ਚ 24 ਦੌੜਾਂ ਜਦਕਿ ਜਾਧਵ ਨੇ ਇਸ ਦੌਰਾਨ 48 ਗੇਂਦਾਂ 'ਚ 31 ਦੌੜਾਂ ਬਣਾਈਆਂ। ਤੇਂਦੁਲਕਰ ਨੇ ਕਿਹਾ, ''ਹਰ ਓਵਰ 'ਚ ਦੋ ਤਿੰਨ ਤੋਂ ਵੱਧ ਡਾਟ ਗੇਂਦ ਹੋ ਰਹੀਆਂ ਸਨ। ਕੋਹਲੀ ਪਾਰੀ ਦੇ 38ਵੇਂ ਓਵਰ 'ਚ ਆਊਟ ਹੋਏ ਅਤੇ 45ਵੇਂ ਓਵਰ ਤਕ ਭਾਰਤੀ ਟੀਮ ਜ਼ਿਆਦਾ ਦੌੜਾਂ ਨਾ ਬਣਾ ਸੀ। ਮੱਧਕ੍ਰਮ ਦੇ ਬੱਲੇਬਾਜ਼ਾਂ ਨੂੰ ਹਾਲਾਂਕਿ ਅਜੇ ਤਕ ਜ਼ਿਆਦਾ ਮੌਕੇ ਨਹੀਂ ਮਿਲੇ ਹਨ, ਜਿਸ ਨਾਲ ਉਹ ਦਬਾਅ 'ਚ ਸਨ। ਮੱਧਕ੍ਰਮ ਦੇ ਬੱਲੇਬਾਜ਼ਾਂ ਨੂੰ ਹਾਲਾਂਕਿ ਬਿਹਤਰ ਰਵੱਈਆ ਦਿਖਾਉਣਾ ਚਾਹੀਦਾ ਸੀ।'' ਟੂਰਨਾਮੈਂਟ 'ਚ ਪਹਿਲੀ ਵਾਰ ਭਾਰਤੀ ਟੀਮ ਦਾ ਚੋਟੀ ਦਾ ਕ੍ਰਮ ਲੜਖੜਾ ਗਿਆ ਹਾਲਾਂਕਿ ਕਪਤਾਨ ਵਿਰਾਟ ਕੋਹਲੀ ਨੇ 67 ਦੌੜਾਂ ਬਣਾਈਆਂ।


author

Tarsem Singh

Content Editor

Related News