ਬੱਲੇਬਾਜ਼ਾਂ ਨੂੰ ਹੈਲਮਟ ਪਾਉਣਾ ਲਾਜ਼ਮੀ ਕਰੇ ICC : ਸਚਿਨ ਤੇਂਦੁਲਕਰ
Wednesday, Nov 04, 2020 - 11:35 AM (IST)
ਨਵੀਂ ਦਿੱਲੀ (ਵਾਰਤਾ) : ਭਾਰਤੀ ਕ੍ਰਿਕਟ ਦੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਅੰਤਰਰਸ਼ਟਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਨੂੰ ਮੈਚ ਦੌਰਾਨ ਸਾਰੇ ਬੱਲੇਬਾਜ਼ਾਂ ਲਈ ਹੈਲਮਟ ਪਾਉਣਾ ਲਾਜ਼ਮੀ ਕਰਣ ਦੀ ਗੁਜਾਰਿਸ਼ ਕੀਤੀ ਹੈ। ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਦੇ ਹਾਲੀਆ ਇਕ ਮੈਚ ਦੌਰਾਨ ਸਨਰਾਈਜ਼ਰਸ ਹੈਦਰਾਬਾਦ ਦੇ ਵਿਜੈ ਸ਼ੰਕਰ ਦੇ ਹੈਲਮਟ 'ਤੇ ਕਿੰਗਸ ਇਲੈਵਨ ਪੰਜਾਬ ਦੇ ਫੀਲਡਰ ਨਿਕੋਲਸ ਪੂਰਨ ਦੀ ਥਰੋ ਸਿੱਧਾ ਆ ਕੇ ਲੱਗੀ ਸੀ, ਜਿਸ ਦੇ ਬਾਅਦ ਉਹ ਮੈਦਾਨ 'ਤੇ ਬੈਠ ਗਏ ਸਨ।
ਤੇਂਦੁਲਕਰ ਨੇ ਇਸ ਮੈਚ ਦੀ ਵੀਡੀਓ ਸਾਂਝੀ ਕਰਦੇ ਹੋਏ ਮੰਗਲਵਾਰ ਨੂੰ ਟਵੀਟ ਕੀਤਾ, 'ਖੇਡ ਤੇਜ਼ ਹੁੰਦਾ ਜਾ ਰਿਹਾ ਹੈ ਪਰ ਕੀ ਇਹ ਸੁਰੱਖਿਅਤ ਵੀ ਹੈ? ਉਨ੍ਹਾਂ ਕਿਹਾ, 'ਹਾਲ ਹੀ ਵਿਚ ਅਸੀਂ ਇਕ ਅਜਿਹੀ ਘਟਨਾ ਵੇਖੀ ਜੋ ਖ਼ਤਰਨਾਕ ਹੋ ਸਕਦੀ ਸੀ। ਤੇਜ਼ ਗੇਂਦਬਾਜ਼ ਨੂੰ ਖੇਡ ਰਹੇ ਹੋਣ ਜਾਂ ਸਪਿਨਰ ਨੂੰ ਬੱਲੇਬਾਜ਼ਾਂ ਲਈ ਹੈਲਮਟ ਪਾਉਣਾ ਲਾਜ਼ਮੀ ਹੋਣਾ ਚਾਹੀਦਾ ਹੈ। ਆਈ.ਸੀ.ਸੀ. ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਪ੍ਰਾਥਮਿਕਤਾ ਨੂੰ ਅਪਣਾਉਣ।' ਜ਼ਿਕਰਯੋਗ ਹੈ ਕਿ ਨਵੰਬਰ 2014 ਵਿਚ ਆਸਟਰੇਲੀਆ ਦੇ ਘਰੇਲੂ ਮੈਚ ਦੌਰਾਨ ਗਲੇ ਵਿਚ ਬਾਊਂਸਰ ਲੱਗਣ ਨਾਲ ਬੱਲੇਬਾਜ਼ ਫਿਲਿਪ ਹਿਊਜ ਦੀ ਮੌਤ ਦੇ ਬਾਅਦ ਖਿਡਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਬਹਿਸ ਛਿੜ ਗਈ ਸੀ।