ਸਚਿਨ ਨੇ ਆਪਣੇ ਪੁੱਤਰ ਨੂੰ ਜ਼ਿੰਦਗੀ ''ਚ ''ਸ਼ਾਰਟਕਟ'' ਨਾ ਅਪਣਾਉਣ ਦੀ ਦਿੱਤੀ ਸਲਾਹ
Monday, May 27, 2019 - 06:33 PM (IST)

ਮੁੰਬਈ— ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਕਿਹਾ ਕਿ ਉਸ ਨੇ ਆਪਣੇ ਕਰੀਅਰ 'ਚ ਕਦੇ ਵੀ 'ਸ਼ਾਰਟਕਟ' ਨਾ ਲੈਣ ਦੀ ਆਪਣੇ ਪਿਤਾ ਦੀ ਸਲਾਹ 'ਤੇ ਹਮੇਸ਼ਾ ਅਮਲ ਕੀਤਾ ਅਤੇ ਹੁਣ ਇਹੋ ਸਲਾਹ ਉਸ ਨੇ ਆਪਣੇ ਪੁੱਤਰ ਨੂੰ ਦਿੱਤੀ ਹੈ। ਸਚਿਨ ਦੇ ਪੁੱਤਰ ਅਰਜੁਨ ਤੇਂਦੁਲਕਰ ਨੇ ਹਾਲ ਹੀ 'ਚ ਟੀ-20 ਮੁੰਬਈ ਲੀਗ 'ਚ ਖੇਡਿਆ ਜਿਸ 'ਚ ਉਸ ਨੇ ਬੱਲੇ ਅਤੇ ਗੇਂਦ ਦੋਹਾਂ ਨਾਲ ਚੰਗਾ ਪ੍ਰਦਰਸ਼ਨ ਕੀਤਾ। ਉਸ ਨੂੰ ਆਕਾਸ਼ ਟਾਈਗਰ ਮੁੰਬਈ ਪੱਛਮੀ ਉਪਨਗਰ ਟੀਮ ਨੇ ਪੰਜ ਲੱਖ ਰੁਪਏ 'ਚ ਖਰੀਦਿਆ ਸੀ। ਉਸ ਨੇ ਸ਼ਨੀਵਾਰ ਨੂੰ ਵਾਨਖੇੜੇ ਸਟੇਡੀਅਮ 'ਤੇ ਸੈਮੀਫਾਈਨਲ ਵੀ ਖੇਡਿਆ।
ਇਹ ਪੁੱਛਣ 'ਤੇ ਕਿ ਕੀ ਉਹ ਆਪਣੇ ਪੁੱਤਰ ਨੂੰ ਦਬਾਅ ਦਾ ਸਾਹਮਣਾ ਕਰਨ ਲਈ ਕੋਈ ਸਿੱਖਿਆ ਦਿੰਦੇ ਹਨ, ਸਚਿਨ ਨੇ ਕਿਹਾ, ''ਮੈਂ ਕਦੇ ਉਸ 'ਤੇ ਕਿਸੇ ਵੀ ਚੀਜ਼ ਲਈ ਦਬਾਅ ਨਹੀਂ ਪਾਇਆ। ਮੈਂ ਉਸ 'ਤੇ ਕ੍ਰਿਕਟ ਖੇਡਣ ਦਾ ਦਬਾਅ ਨਹੀਂ ਬਣਾਇਆ। ਉਹ ਪਹਿਲਾਂ ਫੁੱਟਬਾਲ ਖੇਡਦਾ ਸੀ, ਫਿਰ ਸ਼ਤਰੰਜ ਅਤੇ ਹੁਣ ਕ੍ਰਿਕਟ ਖੇਡਣ ਲੱਗਾ ਹੈ।''