SA vs IND: ਮੈਚ ਤੋਂ ਪਹਿਲਾਂ ਭਾਰਤੀ ਟੀਮ ਨੇ ਧਾਰਿਆ ਮੌਨ, ਜਾਣੋ ਇਸ ਦੀ ਵਜ੍ਹਾ
Sunday, Dec 26, 2021 - 04:12 PM (IST)
ਸੈਂਚੁਰੀਅਨ : ਸ਼ੁਰੂਆਤੀ ਟੈਸਟ ਤੋਂ ਪਹਿਲਾਂ ਦੱਖਣੀ ਅਫ਼ਰੀਕਾ ਅਤੇ ਭਾਰਤ ਦੀਆਂ ਟੀਮਾਂ ਨੇ ਐਤਵਾਰ ਨੂੰ ਇਥੇ ਰੰਗ-ਭੇਦ ਵਿਰੋਧ ਦੇ ਮੋਹਰੀ ਨੇਤਾ ਰਹੇ ਆਰਕਬਿਸ਼ਪ ਡੇਸਮੰਡ ਟੂਟੂ ਦੇ ਸਨਮਾਨ ’ਚ ਮੌਨ ਧਾਰਨ ਕੀਤਾ। ਟੂਟੂ ਦਾ ਐਤਵਾਰ ਨੂੰ 90 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ। ਦੱਖਣੀ ਅਫਰੀਕੀ ਖਿਡਾਰੀਆਂ ਨੇ ਇਸ ਆਰਕਬਿਸ਼ਪ ਦੇ ਸਨਮਾਨ ’ਚ ਆਪਣੀਆਂ ਬਾਹਾਂ ’ਤੇ ਕਾਲੀਆਂ ਪੱਟੀਆਂ ਬੰਨ੍ਹੀਆਂ ਹਨ। ਭਾਰਤੀ ਟੀਮ ਦੀ ਮੀਡੀਆ ਇਕਾਈ ਨੇ ਰਿਪੋਰਟ ਦਿੱਤੀ ਕਿ ਦੱਖਣੀ ਅਫ਼ਰੀਕਾ ਦੀ ਕ੍ਰਿਕਟ ਟੀਮ ਅਤੇ ਇਕ ਰਾਸ਼ਟਰ ਵਜੋਂ ਦੱਖਣੀ ਅਫ਼ਰੀਕਾ ਆਪਣੇ ਵਿਸ਼ਵ ਪ੍ਰਸਿੱਧ ਰਾਜਨੇਤਾ, ਆਰਕਬਿਸ਼ਪ ਐਮੇਰਿਟਸ ਡੇਸਮੰਡ ਟੂਟੂ ਦੇ ਦੇਹਾਂਤ ’ਤੇ ਸੋਗ ਪ੍ਰਗਟ ਕਰ ਰਹੇ ਹਨ। ਭਾਰਤ ਖ਼ਿਲਾਫ ਪਹਿਲੇ ਟੈਸਟ ਮੈਚ ਦੀ ਸ਼ੁਰੂਆਤ ਤੋਂ ਪਹਿਲਾਂ ਟੀਮਾਂ ਨੇ ਕੁਝ ਪਲਾਂ ਲਈ ਮੌਨ ਧਾਰਿਆ।
ਦੱਖਣੀ ਅਫ਼ਰੀਕਾ ਦੀ ਟੀਮ ਟੂਟੂ ਦੇ ਸਨਮਾਨ ’ਚ ਕਾਲੀ ਪੱਟੀ ਬੰਨ੍ਹ ਕੇ ਮੈਦਾਨ 'ਤੇ ਉਤਰੀ ਹੈ। ਰੰਗਭੇਦ ਦੇ ਕੱਟੜ ਵਿਰੋਧੀ ਟੂਟੂ ਨੇ ਗੈਰ-ਗੋਰੇ ਲੋਕਾਂ ਦੇ ਦਮਨ ਵਾਲੇ ਦੱਖਣੀ ਅਫ਼ਰੀਕਾ ਜ਼ਾਲਮ ਸ਼ਾਸਨ ਨੂੰ ਖ਼ਤਮ ਕਰਨ ਲਈ ਅਹਿੰਸਕ ਤੌਰ ’ਤੇ ਅਣਥੱਕ ਯਤਨ ਕੀਤੇ। ਉਨ੍ਹਾਂ ਨੂੰ ਨਸਲੀ ਨਿਆਂ ਅਤੇ ਐੱਲ.ਜੀ.ਬੀ.ਟੀ. ਅਧਿਕਾਰਾਂ ਦੇ ਸੰਘਰਸ਼ ਲਈ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।