ਰੁਤੂਰਾਜ ਗਾਇਕਵਾੜ ਨੇ ਲਾਈ ਸੈਂਕੜਿਆਂ ਦੀ ਹੈਟ੍ਰਿਕ, 96.12 ਦੀ ਸਟ੍ਰਾਈਕ ਰੇਟ ਨਾਲ ਬਣਾਈਆਂ ਇੰਨੀਆਂ ਦੌੜਾਂ
Sunday, Dec 12, 2021 - 03:50 PM (IST)
ਰਾਜਕੋਟ : ਰੁਤੂਰਾਜ ਗਾਇਕਵਾੜ ਦੀ ਸ਼ਾਨਦਾਰ ਫਾਰਮ ਜਾਰੀ ਹੈ। ਮਹਾਰਾਸ਼ਟਰ ਦੇ ਕਪਤਾਨ ਨੇ ਵਿਜੇ ਹਜ਼ਾਰੇ ਟਰਾਫੀ 2021-22 ’ਚ ਆਪਣਾ ਲਗਾਤਾਰ ਤੀਜਾ ਸੈਂਕੜਾ ਲਗਾਇਆ ਅਤੇ ਆਰਾਮ ਨਾਲ ਘਰੇਲੂ ਵਨ ਡੇ ਮੁਕਾਬਲੇ ’ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਬਣੇ ਹੋਏ ਹਨ। ਹਾਲਾਂਕਿ ਪਹਿਲੇ ਦੋ ਮੈਚਾਂ ਦੇ ਉਲਟ ਇਸ ਵਾਰ ਮਹਾਰਾਸ਼ਟਰ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਕੇਰਲ ਦੇ ਹੇਠਲੇ ਮੱਧਕ੍ਰਮ ਨੇ ਉਨ੍ਹਾਂ ਨੂੰ ਜਿੱਤ ਦਿਵਾਈ। ਗਾਇਕਵਾੜ ਨੇ ਪਹਿਲੇ ਦੋ ਮੈਚਾਂ ’ਚ 136 ਅਤੇ ਅਜੇਤੂ 154 ਦੌੜਾਂ ਬਣਾਉਣ ਤੋਂ ਬਾਅਦ ਕੇਰਲ ਦੇ ਖ਼ਿਲਾਫ 96.12 ਦੀ ਸਟ੍ਰਾਈਕ ਰੇਟ ਨਾਲ 129 ਗੇਂਦਾਂ ’ਚ 9 ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 124 ਦੌੜਾਂ ਬਣਾਈਆਂ ਪਰ ਰਾਹੁਲ ਤ੍ਰਿਪਾਠੀ ਦੀਆਂ 108 ਗੇਂਦਾਂ ’ਚ 99 ਦੌੜਾਂ ਤੋਂ ਇਲਾਵਾ ਮਹਾਰਾਸ਼ਟਰ ਦੇ ਕਿਸੇ ਹੋਰ ਬੱਲੇਬਾਜ਼ ਨੇ 20 ਤੋਂ ਜ਼ਿਆਦਾ ਦੌੜਾਂ ਨਹੀਂ ਬਣਾਈਆਂ। ਇਨ੍ਹਾਂ ਦੋ ਪਾਰੀਆਂ ਨੇ ਟੀਮ ਨੂੰ ਅੱਠ ਵਿਕਟਾਂ ’ਤੇ 291 ਦੌੜਾਂ ਦੇ ਵੱਡੇ ਸਕੋਰ ਤੱਕ ਪਹੁੰਚਾਇਆ। ਤੇਜ਼ ਗੇਂਦਬਾਜ਼ ਐੱਮ.ਡੀ. ਨਿਧੀਸ਼ ਨੇ 49 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ।
ਮਹਾਰਾਸ਼ਟਰ ਨੇ 11ਵੇਂ ਓਵਰ ’ਚ ਕੇਰਲ ਦਾ ਸਕੋਰ 4 ਵਿਕਟਾਂ ’ਤੇ 35 ਦੌੜਾਂ ’ਤੇ ਪਹੁੰਚਾ ਦਿੱਤਾ ਸੀ ਪਰ ਛੇਵੇਂ ਨੰਬਰ ’ਤੇ ਬੱਲੇਬਾਜ਼ੀ ਕਰਨ ਆਏ ਸੰਜੂ ਸੈਮਸਨ ਅਤੇ ਜਲਜ ਸਕਸੈਨਾ ਨੇ 73 ਦੌੜਾਂ ਦੀ ਸਾਂਝੇਦਾਰੀ ਕਰ ਕੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਹਾਲਾਂਕਿ ਦੋਵੇਂ ਬੱਲੇਬਾਜ਼ ਅਰਧ ਸੈਂਕੜੇ ਬਣਾਉਣ ਤੋਂ ਖੁੰਝ ਗਏ ਅਤੇ ਆਊਟ ਹੋ ਗਏ। ਕੇਰਲ ਹੁਣ 120 ਦੌੜਾਂ ’ਤੇ ਛੇ ਵਿਕਟਾਂ ਗੁਆ ਦਿੱਤੀਆਂ ਸਨ ਪਰ ਵਿਸ਼ਨੂੰ ਵਿਨੋਦ ਨੇ ਸਿਜੁਮਨ ਜੋਸੇਫ ਨਾਲ ਮਿਲ ਕੇ 141 ਗੇਂਦਾਂ ’ਤੇ ਅਜੇਤੂ 174 ਦੌੜਾਂ ਦੀ ਪਾਰੀ ਖੇਡੀ। ਵਿਨੋਦ ਨੇ ਸਿਰਫ 82 ਗੇਂਦਾਂ ’ਚ ਸੈਂਕੜਾ ਜੜਿਆ, ਜਦਕਿ ਜੋਸੇਫ 71 ਗੇਂਦਾਂ ’ਤੇ 70 ਦੌੜਾਂ ਬਣਾ ਕੇ ਅਜੇਤੂ ਰਹੇ ਅਤੇ 1.1 ਓਵਰ ਬਾਕੀ ਰਹਿੰਦਿਆਂ ਟੀਮ ਨੂੰ ਜਿੱਤ ਦਿਵਾਈ।