ਵਿੰਟਰ ਓਲੰਪਿਕ 2018 'ਚ ਸ਼ਾਮਲ ਨਹੀਂ ਹੋਵੇਗਾ ਰੂਸ, ਇਹ ਹੈ ਕਾਰਨ

12/06/2017 3:08:56 PM

ਨਵੀਂ ਦਿੱਲੀ, (ਬਿਊਰੋ)— ਅਜਿਹਾ ਲਗਦਾ ਹੈ ਕਿ ਰੂਸ ਅਤੇ ਡੋਪਿੰਗ ਦਾ ਸਾਥ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ, ਦੁਨੀਆ 'ਚ ਡੋਪਿੰਗ ਦੀ ਵਜ੍ਹਾ ਨਾਲ ਖੋਹਣ ਵਾਲੇ ਸਭ ਤੋਂ ਜ਼ਿਆਦਾ ਤਮਗੇ ਰੂਸ ਦੇ ਹੀ ਨਾਂ ਹਨ। ਇਨ੍ਹਾਂ ਦੀ ਗਿਣਤੀ ਕੁੱਲ 41 ਹੈ। ਹਾਲ ਹੀ 'ਚ ਕੌਮਾਂਤਰੀ ਓਲੰਪਿਕ ਕਮੇਟੀ ਨੇ ਡੋਪਿੰਗ ਮਾਮਲੇ 'ਚ ਅਗਲੇ ਸਾਲ ਦੱਖਣੀ ਕੋਰੀਆ ਦੇ ਪਯੋਂਗਚਾਂਗ 'ਚ ਹੋਣ ਵਾਲੀਆਂ ਵਿੰਟਰ ਓਲੰਪਿਕ ਖੇਡਾਂ 'ਚ ਹਿੱਸਾ ਲੈਣ ਤੋਂ ਰੂਸ 'ਤੇ ਪਾਬੰਦੀ ਲਗਾ ਦਿਤੀ ਗਈ ਹੈ। ਹਾਲਾਂਕਿ ਰੂਸ ਦੇ ਉਹ ਐਥਲੀਟ ਇਸ 'ਚ ਹਿੱਸਾ ਲੈ ਸਕਦੇ ਹਨ ਜੋ ਇਹ ਸਾਬਤ ਕਰ ਦੇਣ ਕਿ ਉਹ ਡੋਪਿੰਗ 'ਚ ਸ਼ਾਮਲ ਨਹੀਂ ਹਨ, ਪਰ ਅਜਿਹੇ ਖਿਡਾਰੀ ਰੂਸ ਦਾ ਝੰਡਾ ਇਸਤੇਮਾਲ ਨਹੀਂ ਕਰ ਸਕਣਗੇ। 2014 'ਚ ਰੂਸ ਨੇ ਸੋਚੀ 'ਚ ਵਿੰਟਰ ਓਲੰਪਿਕ ਦੀ ਮੇਜ਼ਬਾਨੀ ਕੀਤੀ ਸੀ ਅਤੇ ਉਸੇ ਦੌਰਾਨ ਸਰਕਾਰ ਸਪਾਂਸਰਡ ਡੋਪਿੰਗ ਦੀਆਂ ਸ਼ਿਕਾਇਤਾਂ ਆਈਆਂ ਸਨ, ਜਿਸ ਦੀ ਜਾਂਚ ਚਲ ਰਹੀ ਹੈ। 

ਆਈ.ਓ.ਸੀ. ਦੇ ਪ੍ਰਧਾਨ ਥਾਮਸ ਬਾਰਖ ਅਤੇ ਬੋਰਡ ਨੇ ਜਾਂਚ ਰਿਪੋਰਟ ਅਤੇ ਸੁਝਾਵਾਂ ਨੂੰ ਪੜ੍ਹਨ ਦੇ ਬਾਅਦ ਇਹ ਫੈਸਲਾ ਦਿੱਤਾ ਹੈ। ਸਵਿਟਜ਼ਰਲੈਂਡ ਦੇ ਸਾਬਕਾ ਰਾਸ਼ਟਰਪਤੀ ਸੁਅਲ ਸ਼ਮਿਟ ਦੀ ਅਗਵਾਈ 'ਚ ਇਸ ਮਾਮਲੇ ਦੀ 17 ਮਹੀਨਿਆਂ ਤੱਕ ਜਾਂਚ ਚਲ ਰਹੀ ਸੀ। ਰੂਸੀ ਓਲੰਪਿਕ ਕਮੇਟੀ ਨੂੰ ਮੁਅੱਤਲ ਕੀਤਾ ਜਾ ਚੁੱਕਾ ਹੈ ਪਰ ਆਈ.ਓ.ਸੀ. ਨੇ ਕਿਹਾ ਹੈ ਕਿ ਫਰਵਰੀ 'ਚ ਹੋਣ ਵਾਲੀਆਂ ਖੇਡਾਂ 'ਚ ਬੇਕਸੂਰ ਰੂਸੀ ਖਿਡਾਰੀਆਂ ਨੂੰ ਹਿੱਸਾ ਲੈਣ ਦੇ ਲਈ ਉਨ੍ਹਾਂ ਨੂੰ ਓਲੰਪਿਕ ਐਥਲੀਟ ਫਾਮ ਰਸ਼ੀਆ (ਓ.ਏ.ਆਰ.) ਦੇ ਨਾਂ ਨਾਲ ਸੱਦਾ ਦਿੱਤਾ ਜਾਵੇਗਾ। ਰੂਸ ਦੇ ਵਾਰ-ਵਾਰ ਖੰਡਨ ਦੇ ਬਾਵਜੂਦ ਜਾਂਚ 'ਚ ਰੂਸ ਦੇ ਡੋਪਿੰਗ ਵਿਰੋਧੀ ਕਾਨੂੰਨਾਂ ਨੂੰ ਜਾਣਬੁੱਝ ਕੇ ਤੋੜਨ ਦੇ ਸਬੂਤ ਪਾਏ ਗਏ ਹਨ।

ਰਸ਼ੀਆ ਦੇ ਵਿੰਟਰ ਓਲੰਪਿਕ 'ਚ ਨਾ ਖੇਡਣ ਦੀ ਵਜ੍ਹਾ ਨਾਲ ਭਾਰਤੀ ਪਹਿਲਵਾਨਾਂ ਨੂੰ ਇਸ ਦਾ ਲਾਹਾ ਮਿਲ ਸਕਦਾ ਹੈ, ਕਿਉਂਕਿ ਰੂਸੀ ਪਹਿਲਵਾਨ ਓਲੰਪਿਕ ਅਤੇ ਵਿੰਟਰ ਓਲੰਪਿਕ 'ਚ ਚੰਗਾ ਪ੍ਰਦਰਸ਼ਨ ਕਰਦੇ ਹਨ। ਰੂਸ ਦੇ ਪਹਿਲਵਾਨਾਂ ਨੇ ਅਜੇ ਤੱਕ 56 ਤਗਮੇ ਜਿੱਤੇ ਹਨ ਜਿਨ੍ਹਾਂ 'ਚ 30 ਸੋਨ ਤਗਮੇ ਸ਼ਾਮਲ ਹਨ।


Related News