ਰਸਲ ਨੇ ਇਕ ਹੀ ਓਵਰ ''ਚ ਲਗਾਏ 3 ਛੱਕੇ, ਦੇਖਦਾ ਰਹਿ ਗਿਆ ਗੇਂਦਬਾਜ਼
Thursday, Apr 22, 2021 - 01:42 AM (IST)
ਚੇਨਈ- ਚੇਨਈ ਸੁਪਰ ਕਿੰਗਜ਼ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ ਦੇ ਅੱਗੇ 221 ਦੌੜਾਂ ਦਾ ਟੀਚਾ ਰੱਖਿਆ। ਟੀਚੇ ਦਾ ਪਿੱਛਾ ਕਰਨ ਆਈ ਕੋਲਕਾਤਾ ਦੀ ਸ਼ੁਰੂਆਤ ਖਰਾਬ ਰਹੀ ਤੇ ਟੀਮ ਨੇ ਆਪਣੇ 5 ਮੁੱਖ ਬੱਲੇਬਾਜ਼ਾਂ ਨੂੰ ਪਾਵਰ ਪਲੇਅ ਦੌਰਾਨ ਹੀ ਗੁਆ ਦਿੱਤਾ। ਦੀਪਕ ਚਾਹਰ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਅੱਗੇ ਕੋਲਕਾਤਾ ਦੇ ਬੱਲੇਬਾਜ਼ ਇਕ ਤੋਂ ਬਾਅਦ ਇਕ ਆਊਟ ਹੁੰਦੇ ਰਹੇ ਪਰ ਆਲਰਾਊਂਡਰ ਖਿਡਾਰੀ ਆਂਦਰੇ ਰਸਲ ਨੇ ਚੇਨਈ ਦੇ ਗੇਂਦਬਾਜ਼ ਠਾਕੁਰ ਦੀ ਗੇਂਦਬਾਜ਼ੀ 'ਤੇ ਕਰਾਰਾ ਜਵਾਬ ਦਿੱਤਾ।
ਇਹ ਖ਼ਬਰ ਪੜ੍ਹੋ-ਰਾਹੁਲ ਸਭ ਤੋਂ ਤੇਜ਼ 5 ਹਜ਼ਾਰ ਦੌੜਾਂ ਬਣਾਉਣ ਵਾਲੇ ਬਣੇ ਬੱਲੇਬਾਜ਼, ਬਣਾਏ ਇਹ ਰਿਕਾਰਡ
ਚੇਨਈ ਸੁਪਰ ਕਿੰਗਜ਼ ਦੇ ਲਈ 9ਵਾਂ ਓਵਰ ਕਰਵਾਉਣ ਆਏ ਸ਼ਾਰਦੁਲ ਠਾਕੁਰ ਦੀ ਪਹਿਲੀ ਗੇਂਦ 'ਤੇ ਰਸਲ ਨੇ ਛੱਕਾ ਲਗਾਇਆ। ਇਸ ਤੋਂ ਬਾਅਦ ਦੂਜੀ ਗੇਂਦ 'ਤੇ ਸ਼ਾਰਦੁਲ ਨੇ 2 ਗੇਂਦਾਂ ਵਾਈਡ ਸੁੱਟੀਆਂ। ਫਿਰ ਤੋਂ ਦੂਜੀ ਗੇਂਦ ਕਰਵਾਉਣ ਆਏ ਰਸਲ ਨੇ ਉਸ 'ਤੇ ਚੌਕਾ ਲਗਾਇਆ। ਤੀਜੀ ਗੇਂਦ 'ਤੇ ਫਿਰ ਰਸਲ ਨੇ ਸ਼ਾਰਦੁਲ ਦੀ ਗੇਂਦ 'ਤੇ ਛੱਕਾ ਲਗਾਇਆ। ਪਹਿਲੀ ਤਿੰਨ ਗੇਂਦਾਂ 'ਤੇ ਲਗਾਤਾਰ ਬਾਊਂਡਰੀ ਨਾਲ ਸ਼ਾਰਦੁਲ ਨਿਰਾਸ਼ ਹੋ ਗਏ ਪਰ ਸ਼ਾਰਦੁਲ ਨੇ ਚੌਥੀ ਤੇ ਪੰਜਵੀਂ ਗੇਂਦ 'ਤੇ ਦੌੜਾਂ ਨਹੀਂ ਬਣਨ ਦਿੱਤੀਆਂ। ਰਸਲ ਨੇ ਆਪਣੀ ਧਮਾਕੇਦਾਰ ਪਾਰੀ ਜਾਰੀ ਰੱਖੀ ਤੇ ਓਵਰ ਦੇ ਆਖਰੀ ਗੇਂਦ 'ਤੇ ਵੀ ਛੱਕਾ ਲਗਾਇਆ। ਇਸ ਦੇ ਨਾਲ ਹੀ ਉਨ੍ਹਾਂ ਨੇ ਸ਼ਾਰਦੁਲ ਠਾਕੁਰ ਦੇ ਇਕ ਹੀ ਓਵਰ 'ਚ 22 ਦੌੜਾਂ ਹਾਸਲ ਕੀਤੀਆਂ।
ਇਹ ਖ਼ਬਰ ਪੜ੍ਹੋ - ਧੋਨੀ ਨੇ ਬਣਾਇਆ ਵੱਡਾ ਰਿਕਾਰਡ, ਅਜਿਹਾ ਕਰਨ ਵਾਲੇ ਬਣੇ ਪਹਿਲੇ ਵਿਕਟਕੀਪਰ
ਜ਼ਿਕਰਯੋਗ ਹੈ ਕਿ ਇਸ ਮੈਚ 'ਚ ਆਂਦਰੇ ਰਸਲ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਤੇ ਆਪਣੀ ਟੀਮ ਦੇ ਲਈ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਆਂਦਰੇ ਰਸਲ ਨੇ ਚੇਨਈ ਵਿਰੁੱਧ 22 ਗੇਂਦਾਂ 'ਤੇ 54 ਦੌੜਾਂ ਦੀ ਪਾਰੀ ਖੇਡੀ। ਆਂਦਰੇ ਰਸਲ ਨੇ ਆਪਣੀ ਪਾਰੀ ਦੌਰਾਨ 6 ਛੱਕੇ ਲਗਾਏ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।