ਏਕਾਂਤਵਾਸ ਦੇ ਨਿਯਮ ਕਾਰਨ ਵਿੰਡੀਜ਼ ਖਿਲਾਫ਼ ਪਹਿਲੇ ਟੈਸਟ ''ਚੋਂ ਬਾਹਰ ਹੋ ਸਕਦੈ ਰੂਟ
Saturday, Jun 06, 2020 - 01:17 PM (IST)
ਲੰਡਨ : ਇੰਗਲੈਂਡ ਦੇ ਕਪਤਾਨ ਜੋ ਰੂਟ 7 ਦਿਨ ਦੇ ਏਕਾਂਤਵਾਸ ਦੇ ਨਿਯਮਾਂ ਕਾਰਨ ਅਗਲੇ ਮਹੀਨੇ ਵੈਸਟਇੰਡੀਜ਼ ਖਿਲਾਫ਼ 8 ਜੁਲਾਈ ਤੋਂ ਸ਼ੁਰੂ ਹੋ ਰਹੇ ਪਹਿਲੇ ਟੈਸਟ ਲਈ ਟੀਮ 'ਚੋਂ ਬਾਹਰ ਹੋ ਸਕਦੇ ਹਨ। ਰਿਪੋਰਟ ਮੁਤਾਬਕ ਇਸੇ ਤਾਰੀਖ ਦੇ ਆਲੇ-ਦੁਆਲੇ ਉਸ ਦੀ ਪਤਨੀ ਦੂਜੀ ਵਾਰ ਮਾਂ ਬਣਨ ਵਾਲੀ ਹੈ ਅਤੇ ਜੇਕਰ ਰੂਟ ਇਸ ਸਮੇਂ ਪਰਿਵਾਰ ਦੇ ਨਾਲ ਰਹੇ ਤਾਂ ਟੀਮ ਨਾਲ ਜੁੜਨ ਤੋਂ ਪਹਿਲਾਂ ਉਸ ਨੂੰ 7 ਦਿਨ ਦੇ ਏਕਾਂਤਵਾਸ ਵਿਚ ਰਹਿਣਾ ਹੋਵੇਗਾ।
ਇੰਗਲੈਂਡ ਅਤੇ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਰੂਟ ਨੂੰ ਰਾਸ਼ਟਰੀ ਟੀਮ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਇਕ ਹਫਤੇ ਤਕ ਏਕਾਂਤਵਾਸ ਵਿਚ ਰਹਿਣਾ ਹੋਵੇਗਾ। ਈ. ਸੀ. ਬੀ. ਹਾਲਾਂਕਿ ਲਗਾਤਾਰ ਆਪਣੇ ਦਿਸ਼ਾ ਨਿਰਦੇਸ਼ਾਂ ਦੀ ਸਮੀਖਿਆ ਕਰ ਰਿਹਾ ਹੈ ਅਤੇ ਅਗਲੇ ਮਹੀਨੇ ਤਕ ਏਕਾਂਤਵਾਸ ਦੇ ਨਿਯਮ ਵਿਚ ਢਿੱਲ ਦਿੱਤੀ ਜਾ ਸਕਦੀ ਹੈ। 3 ਮੈਚਾਂ ਦੀ ਸੀਰੀਜ਼ ਦਾ ਪਹਿਲਾ ਟੈਸਟ ਏਜਿਸ ਬਾਊਲ ਵਿਚ 8 ਤੋਂ 12 ਜੁਲਾਈ ਤਕ ਖੇਡਿਆ ਜਾਵੇਗਾ ਜਦਕਿ ਦੂਜਾ ਅਤੇ ਤੀਜਾ ਟੈਸਟ ਓਲਡ ਟ੍ਰੈਫਰਡ ਵਿਚ 16 ਅਤੇ 24 ਜੁਲਾਈ ਤੋਂ ਖੇਡਿਆ ਜਾਵੇਗਾ। ਵਿੰਡੀਜ਼ ਦੀ ਟੀਮ ਇਸ ਸੀਰੀਜ਼ ਲਈ 9 ਜੂਨ ਨੂੰ ਇੰਗਲੈਂਡ ਪਹੁੰਚੇਗੀ ਅਤੇ ਓਲਡ ਟ੍ਰੈਫਰਡ ਵਿਚ ਏਕਾਂਤਵਾਸ 'ਤੇ ਰਹੇਗੀ। ਟੀਮ ਇਹੀ ਅਭਿਆਸ ਇਸ ਤੋਂ ਬਾਅਦ ਪਹਿਲੇ ਟੈਸਟ ਲਈ ਏਜਿਸ ਬਾਊਲ ਰਵਾਨਾ ਹੋਵੇਗੀ।