ਪੁਰਤਗਾਲ ਨੇ ਕੀਤਾ ਕੁਆਲੀਫਾਈ, ਰੋਨਾਲਡੋ ਨੂੰ ਮਿਲਿਆ ਫੀਫਾ ਵਿਸ਼ਵ ਕੱਪ ਜਿੱਤਣ ਦਾ ਇਕ ਹੋਰ ਮੌਕਾ
Wednesday, Mar 30, 2022 - 07:59 PM (IST)
ਵਾਸ਼ਿੰਗਟਨ- ਕ੍ਰਿਸਟੀਆਨੋ ਰੋਨਾਲਡੋ ਨੂੰ ਵਿਸ਼ਵ ਕੱਪ ਜਿੱਤਣ ਦਾ ਇਕ ਹੋਰ ਮੌਕਾ ਮਿਲੇਗਾ। ਉਨ੍ਹਾਂ ਦੀ ਟੀਮ ਪੁਰਤਗਾਲ ਨੇ ਯੂਰਪੀ ਪਲੇਆਫ ’ਚ ਉੱਤਰੀ ਮੇਸੇਡੋਨੀਆ ਨੂੰ 2-0 ਨਾਲ ਹਰਾ ਕੇ ਕਤਰ ’ਚ ਇਸ ਸਾਲ ਦੇ ਅਖੀਰ ’ਚ ਹੋਣ ਵਾਲੇ ਫੁੱਟਬਾਲ ਲਈ ਕੁਆਲੀਫਾਈ ਕੀਤਾ। ਕਤਰ ’ਚ 21 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਟੂਰਨਾਮੈਂਟ ’ਚ ਮੇਜ਼ਬਾਨ ਸਮੇਤ 32 ਟੀਮਾਂ ਹਿੱਸਾ ਲੈਣਗੀਆਂ, ਜਿਨ੍ਹਾਂ ’ਚੋਂ ਅਜੇ ਤੱਕ 27 ਟੀਮਾਂ ਨੇ ਕੁਆਲੀਫਾਈ ਕਰ ਲਿਆ ਹੈ।
ਇਹ ਵੀ ਪੜ੍ਹੋ : ਵਿਰਾਟ ਕੋਹਲੀ ਫਿਰ ਚੁਣੇ ਗਏ ਦੇਸ਼ ਦੇ ਮਸ਼ਹੂਰ ਸੈਲੀਬ੍ਰਿਟੀ ਬ੍ਰਾਂਡ, ਰਣਵੀਰ ਸਿੰਘ ਨੇ ਅਕਸ਼ੈ ਨੂੰ ਪਛਾੜਿਆ
ਵਿਸ਼ਵ ਕੱਪ ਦੇ ਡਰਾਅ ਸ਼ੁੱਕਰਵਾਰ ਨੂੰ ਪਾਏ ਜਾਣਗੇ। ਪੁਰਤਗਾਲ ਦੀ ਜਿੱਤ ਨਾਲ ਡਰਾਅ ਲਈ ਪਹਿਲੀਆਂ 8 ਟੀਮਾਂ ਕਤਰ, ਅਰਜਨਟੀਨਾ, ਬੈਲਜੀਅਮ, ਬ੍ਰਾਜ਼ੀਲ, ਇੰਗਲੈਂਡ, ਫਰਾਂਸ, ਪੁਰਤਗਾਲ ਤੇ ਸਪੇਨ ਤੈਅ ਹੋ ਗਈਆਂ ਹਨ। ਕ੍ਰੋਏਸ਼ੀਆ, ਡੈਨਮਾਰਕ, ਜਰਮਨੀ, ਨੀਦਰਲੈਂਡ, ਸਵਿਟਜ਼ਰਲੈਂਡ ਤੇ ਉਰੁਗਵੇ ਪ੍ਰਮੁੱਖਤਾ ਦੀ ਦੂਜੀ ਸ਼੍ਰੇਣੀ ’ਚ ਸ਼ਾਮਲ ਹਨ। ਸਾਰਿਆਂ ਦੀਆਂ ਨਜ਼ਰਾਂ ਉੱਤਰੀ ਮੇਸੇਡੋਨੀਆ ’ਤੇ ਟਿਕੀ ਸੀ, ਜਿਸ ਨੇ ਪਿਛਲੇ ਹਫ਼ਤੇ ਇਟਲੀ ਨੂੰ 1-0 ਨਾਲ ਹਰਾ ਕੇ ਵਿਸ਼ਵ ਕੱਪ ਤੋਂ ਬਾਹਰ ਕਰ ਦਿੱਤਾ ਸੀ। ਪੁਰਤਗਾਲ ਖਿਲਾਫ ਹਾਲਾਂਕਿ ਉਹ ਉਲਟਫੇਰ ਨਹੀਂ ਕਰ ਸਕਿਆ। ਪੁਰਤਗਾਲ ਨੇ ਕੁੱਲ 8ਵੀਂ ਤੇ ਲਗਾਤਾਰ 6ਵੀਂ ਵਾਰ ਵਿਸ਼ਵ ਕੱਪ ’ਚ ਜਗ੍ਹਾ ਬਣਾਈ। ਰੋਨਾਲਡੋ ਨੇ ਪੁਰਤਗਾਲੀ ਭਾਸ਼ਾ ’ਚ ਸੋਸ਼ਲ ਮੀਡੀਆ ’ਤੇ ਪੋਸਟ ਕੀਤਾ, ‘‘ਟੀਚਾ ਹਾਸਲ ਕੀਤਾ, ਅਸੀਂ ਕਤਰ ਵਿਸ਼ਵ ਕੱਪ ’ਚ ਖੇਡਾਂਗੇ, ਅਸੀਂ ਆਪਣੀ ਠੀਕ ਜਗ੍ਹਾ ’ਤੇ ਹਾਂ! ਬੇਹੱਦ ਸਮਰਥਨ ਲਈ ਸਾਰੇ ਪੁਰਤਗਾਲੀਆਂ ਦਾ ਧੰਨਵਾਦ! ਦਮਦਾਰ ਪੁਰਤਗਾਲ।’’
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।