ਰਾਹੁਲ ਤੋਂ ਪਾਰੀ ਦਾ ਆਗਾਜ਼ ਕਰਵਾਉਣਾ ਜਾਰੀ ਰੱਖੇਗਾ ਰੋਹਿਤ!

Wednesday, Nov 27, 2024 - 01:16 PM (IST)

ਰਾਹੁਲ ਤੋਂ ਪਾਰੀ ਦਾ ਆਗਾਜ਼ ਕਰਵਾਉਣਾ ਜਾਰੀ ਰੱਖੇਗਾ ਰੋਹਿਤ!

ਨਵੀਂ ਦਿੱਲੀ, (ਭਾਸ਼ਾ)– ਨਿਯਮਤ ਕਪਤਾਨ ਰੋਹਿਤ ਸ਼ਰਮਾ ਦੀ ਐਡੀਲੇਡ ਵਿਚ ਅਗਲੇ ਟੈਸਟ ਵਿਚ ਭਾਰਤੀ ਟੀਮ ਵਿਚ ਵਾਪਸੀ ਹੋਵੇਗੀ, ਲਿਹਾਜ਼ਾ ਇਸ ਤੋਂ ਪਹਿਲਾਂ ਕੈਨਬਰਾ ਵਿਚ 30 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਅਭਿਆਸ ਮੈਚ ਵਿਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਉਹ ਖੁਦ ਪਾਰੀ ਦਾ ਆਗਾਜ਼ ਕਰਦਾ ਹੈ ਜਾਂ ਲੋਕੇਸ਼ ਰਾਹੁਲ ਤੋਂ ਕਰਵਾਉਂਦਾ ਹੈ। ਰੋਹਿਤ ਜਾਂ ਰਾਹੁਲ ਵਿਚੋਂ ਕਿਸੇ ਇਕ ਦਾ ਤੀਜੇ ਕ੍ਰਮ ’ਤੇ ਬੱਲੇਬਾਜ਼ੀ ਕਰਨਾ ਇਸ ’ਤੇ ਵੀ ਨਿਰਭਰ ਕਰੇਗਾ ਕਿ ਸ਼ੁਭਮਨ ਗਿੱਲ ਫਿੱਟ ਹੁੰਦਾ ਹੈ ਜਾਂ ਨਹੀਂ। ਗਿੱਲ ਜੇਕਰ ਮੈਚ ਲਈ ਫਿੱਟ ਨਹੀਂ ਹੋਇਆ ਤਾਂ ਰਾਹੁਲ ਜਾਂ ਰੋਹਿਤ ਵਿਚੋਂ ਕੋਈ ਇਸ ਮੈਚ ਵਿਚ ਤੀਜੇ ਕ੍ਰਮ ’ਤੇ ਖੇਡੇਗਾ।

ਭਾਰਤੀ ਕ੍ਰਿਕਟ ਜਗਤ ਵਿਚ ਹਾਲਾਂਕਿ ਕੁਝ ਲੋਕਾਂ ਦਾ ਮੰਨਣਾ ਹੈ ਕਿ ਇਸ ਦੌਰੇ ’ਤੇ ਰੋਹਿਤ ਜੇਕਰ ਮੱਧਕ੍ਰਮ (ਪੰਜਵੇਂ ਜਾਂ ਛੇਵੇਂ ਕ੍ਰਮ ’ਤੇ) ਵਿਚ ਬੱਲੇਬਾਜ਼ੀ ਕਰੇ ਤਾਂ ਇਹ ਟੀਮ ਲਈ ਜ਼ਿਆਦਾ ਕਾਰਗਾਰ ਹੋਵੇਗਾ। ਪਰਥ ਵਿਚ ਪਹਿਲੇ ਟੈਸਟ ਵਿਚ ਰੋਹਿਤ ਦੀ ਗੈਰ-ਹਾਜ਼ਰੀ ਦੇ ਕਾਰਨ ਰਾਹੁਲ ਦਾ ਇਸਤੇਮਾਲ ਇਕ ਅਸਥਾਈ ਸਲਾਮੀ ਬੱਲੇਬਾਜ਼ ਦੇ ਤੌਰ ’ਤੇ ਹੋਇਆ ਸੀ। ਉਹ ਹਾਲਾਂਕਿ ਆਪਟਸ ਸਟੇਡੀਅਮ ਵਿਚ ਦੋਵੇਂ ਪਾਰੀਆਂ ਵਿਚ 26 ਤੇ 77 ਦੌੜਾਂ ਬਣਾ ਕੇ ਸਾਰੇ ਭਾਰਤੀ ਬੱਲੇਬਾਜ਼ਾਂ ਵਿਚੋਂ ਤਕਨੀਕੀ ਰੂਪ ਨਾਲ ਸਭ ਤੋਂ ਮਜ਼ਬੂਤ ਦਿਸਿਆ। ਇਸ ਮੈਚ ਤੋਂ ਪਹਿਲਾਂ ਉਸ ਨੇ ਐੱਮ. ਸੀ. ਜੀ. ਵਿਚ ਭਾਰਤ-ਏ ਲਈ ਵੀ ਇਕ ਮੈਚ ਵਿਚ ਸਲਾਮੀ ਬੱਲੇਬਾਜ਼ ਦੀ ਭੂਮਿਕਾ ਨਿਭਾਈ ਸੀ।

ਪਿਛਲੇ 5 ਸਾਲਾਂ ਤੋਂ ਟੈਸਟ ਵਿਚ ਪਾਰੀ ਦਾ ਆਗਾਜ਼ ਕਰ ਰਿਹਾ ਰੋਹਿਤ ਆਪਣੀ ਸਰਵਸ੍ਰੇਸ਼ਠ ਲੈਅ ਵਿਚ ਨਹੀਂ ਹੈ। ਭਾਰਤ ਵਿਚ ਹਾਲ ਹੀ ਵਿਚ ਖੇਡੇ ਗਏ 5 ਟੈਸਟ ਮੈਚਾਂ ਵਿਚ ਉਸਦਾ ਪ੍ਰਦਰਸ਼ਨ ਉਤਸ਼ਾਹਜਨਕ ਨਹੀਂ ਰਿਹਾ ਹੈ। ਇਹ ਸਾਰੇ ਮੈਚ ਹਾਲਾਂਕਿ ਬੱਲੇਬਾਜ਼ੀ ਲਈ ਮੁਸ਼ਕਿਲ ਪਿੱਚਾਂ ’ਤੇ ਖੇਡੇ ਗਏ ਸਨ।

ਗਿੱਲ ਨੂੰ ਵਾਕਾ ਵਿਚ ਅਭਿਆਸ ਮੈਚ ਦੌਰਾਨ ਉਂਗਲ ਵਿਚ ਹੇਅਰਲਾਈਨ ਫ੍ਰੈਕਚਰ ਦਾ ਸਾਹਮਣਾ ਕਰਨਾ ਪਿਆ ਸੀ ਤੇ ਉਹ ਸ਼ੁਰੂਆਤੀ ਟੈਸਟ ਮੈਚ ਵਿਚੋਂ ਬਾਹਰ ਹੋ ਗਿਆ ਸੀ। ਉਸ ਨੇ ਅਜੇ ਤੱਕ ਨੈੱਟ ਸੈਸ਼ਨ ਵਿਚ ਬੱਲੇਬਾਜ਼ੀ ਅਭਿਆਸ ਸ਼ੁਰੂ ਨਹੀਂ ਕੀਤਾ ਹੈ। ਉਹ ਜੇਕਰ ਮੈਚ ਲਈ ਫਿੱਟ ਹੁੰਦਾ ਹੈ ਤਾਂ ਧਰੁਵ ਜੁਰੇਲ ਨੂੰ ਆਖਰੀ-11 ਵਿਚੋਂ ਬਾਹਰ ਹੋਣਾ ਪਵੇਗਾ।

ਇਸ ਮੈਚ ਵਿਚ ਇਹ ਵੀ ਦੇਖਣਾ ਪਵੇਗਾ ਕਿ ਕੀ ਟੀਮ ਮੈਨੇਜਮੈਂਟ ਸਪਿਨ ਗੇਂਦਬਾਜ਼ੀ ਵਿਭਾਗ ਵਿਚ ਕੋਈ ਬਦਲਾਅ ਕਰਦੀ ਹੈ ਜਾਂ ਨਹੀਂ। ਪਰਥ ਵਿਚ ਆਰ. ਅਸ਼ਵਿਨ ਤੇ ਰਵਿੰਦਰ ਜਡੇਜਾ ਵਰਗੇ ਤਜਰਬੇਕਾਰ ਸਪਿਨ ਗੇਂਦਬਾਜ਼ਾਂ ਦੀ ਜਗ੍ਹਾ ਵਾਸ਼ਿੰਗਟਨ ਸੁੰਦਰ ਨੂੰ ਖੇਡਣ ਦਾ ਮੌਕਾ ਮਿਲਿਆ ਸੀ। ਅਸ਼ਵਿਨ ਨੇ 2021 ਵਿਚ ਐਡੀਲੇਡ ਵਿਚ ਗੁਲਾਬੀ ਗੇਂਦ ਨਾਲ ਖੇਡੇ ਗਏ ਟੈਸਟ ਦੀ ਪਹਿਲੀ ਪਾਰੀ ਵਿਚ 45 ਦੌੜਾਂ ’ਤੇ 4 ਵਿਕਟਾਂ ਲਈਆਂ ਸਨ। ਇਸ ਵਿਚ ਸ਼ਾਨਦਾਰ ਗੇਂਦ ’ਤੇ ਸਟੀਵ ਸਮਿਥ ਦੀ ਵਿਕਟ ਵੀ ਸ਼ਾਮਲ ਸੀ।

ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਐਡੀਲੇਡ ਵਿਚ ਵੀ ਪਿੱਚ ਤੋਂ ਸਪਿਨਰਾਂ ਲਈ ਜ਼ਿਆਦਾ ਮਦਦ ਨਹੀਂ ਹੋਵੇਗੀ। ਜਡੇਜਾ ਨੂੰ ਵਿਦੇਸ਼ਾਂ ਵਿਚ ਬਿਹਤਰ ਬੱਲੇਬਾਜ਼ੀ ਦੇ ਦਮ ’ਤੇ ਅਸ਼ਵਿਨ ਦੇ ਉੱਪਰ ਤਰਜੀਹ ਮਿਲਦੀ ਰਹੀ ਹੈ ਪਰ ਵਾਸ਼ਿੰਗਟਨ ਨੂੰ ਤਕਨੀਕੀ ਤੌਰ ’ਤੇ ਉਸ ਤੋਂ ਬਿਹਤਰ ਮੰਨਿਆ ਜਾਂਦਾ ਹੈ। ਇਸ ਖੱਬੇ ਹੱਥ ਦੇ ਬੱਲੇਬਾਜ਼ ਨੇ ਪਰਥ ਵਿਚ ਵਿਰਾਟ ਕੋਹਲੀ ਦੇ ਨਾਲ 89 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਦੀ ਬੜ੍ਹਤ ਨੂੰ 500 ਤੋਂ ਵੱਧ ਤੱਕ ਪਹੁੰਚਾਉਣ ਵਿਚ ਅਹਿਮ ਯੋਗਦਾਨ ਦਿੱਤਾ ਸੀ। ਐਡੀਲੇਡ ਟੈਸਟ ਵਿਚ ਭਾਰਤੀ ਟੀਮ ਨੂੰ ਆਖਰੀ-11 ਤੈਅ ਕਰਨ ਵਿਚ ਜ਼ਿਆਦਾ ਧਿਆਨ ਬੱਲੇਬਾਜ਼ੀ ਕ੍ਰਮ ਤੈਅ ਕਰਨ ’ਤੇ ਦੇਣਾ ਪਵੇਗਾ।


author

Tarsem Singh

Content Editor

Related News