ਰੋਹਿਤ ਸ਼ਰਮਾ ਵਨ ਡੇ ਰੈਂਕਿੰਗ ’ਚ ਬਾਬਰ ਆਜ਼ਮ ਤੋਂ ਬਾਅਦ ਦੂਜੇ ਸਥਾਨ ’ਤੇ

Wednesday, Aug 14, 2024 - 06:00 PM (IST)

ਦੁਬਈ– ਭਾਰਤੀ ਕਪਤਾਨ ਰੋਹਿਤ ਸ਼ਰਮਾ ਹਾਲ ਹੀ ਵਿਚ ਸ਼੍ਰੀਲੰਕਾ ਵਿਰੁੱਧ ਖਤਮ ਹੋਈ ਵਨ ਡੇ ਲੜੀ ਵਿਚ ਸ਼ਾਨਦਾਰ ਪ੍ਰਦਰਸ਼ਨ ਦੇ ਦਮ ’ਤੇ ਬੁੱਧਵਾਰ ਨੂੰ ਤਾਜਾ ਜਾਰੀ ਆਈ. ਸੀ. ਸੀ. ਵਨ ਡੇ ਰੈਂਕਿੰਗ ਵਿਚ ਬੱਲੇਬਾਜ਼ਾਂ ਦੀ ਸੂਚੀ ਵਿਚ ਇਕ ਸਥਾਨ ਦੇ ਫਾਇਦੇ ਨਾਲ ਦੂਜੇ ਸਥਾਨ ’ਤੇ ਪਹੁੰਚ ਗਿਆ।
ਭਾਰਤ ਹਾਲਾਂਕਿ ਇਸ ਤਿੰਨ ਮੈਚਾਂ ਦੀ ਲੜੀ ਵਿਚ 0-2 ਨਾਲ ਹਾਰ ਗਿਆ ਸੀ ਪਰ ਰੋਹਿਤ ਨੇ ਦੋ ਅਰਧ ਸੈਂਕੜਿਆਂ ਨਾਲ 52.33 ਦੀ ਔਸਤ ਨਾਲ 157 ਦੌੜਾਂ ਬਣਾਈਆਂ ਸਨ। ਲੜੀ ਦਾ ਪਹਿਲਾ ਮੈਚ ਟਾਈ ਰਿਹਾ ਸੀ।
ਉੱਥੇ ਹੀ, ਸ਼ੁਭਮਨ ਗਿੱਲ ਇਕ ਸਥਾਨ ਹੇਠਾਂ ਖਿਸਕ ਕੇ ਤੀਜੇ ਸਥਾਨ ’ਤੇ ਆ ਗਿਆ ਹੈ ਜਦਕਿ ਵਿਰਾਟ ਕੋਹਲੀ ਆਪਣੇ ਚੌਥੇ ਸਥਾਨ ’ਤੇ ਕਾਇਮ ਹੈ। ਪਾਕਿਸਤਾਨ ਦਾ ਬਾਬਰ ਆਜ਼ਮ ਇਸ ਸਮੇਂ 824 ਰੇਟਿੰਗ ਅੰਕਾਂ ਨਾਲ ਸੂਚੀ ਵਿਚ ਚੋਟੀ ’ਤੇ ਕਾਬਜ਼ ਹੈ ਜਦਕਿ ਰੋਹਿਤ ਦੇ 765 ਅੰਕ ਹਨ।
ਟਾਪ-20 ਵਿਚ ਸ਼ਾਮਲ ਹੋਰ ਭਾਰਤੀਆਂ ਵਿਚ ਸ਼੍ਰੇਅਸ ਅਈਅਰ 16ਵੇਂ ਜਦਕਿ ਕੇ. ਐੱਲ. ਰਾਹੁਲ ਇਕ ਸਥਾਨ ਹੇਠਾਂ ਖਿਸਕ ਕੇ 21ਵੇਂ ਸਥਾਨ ’ਤੇ ਪਹੁੰਚ ਗਿਆ। ਆਰਮ ਸਪਿਨਰ ਕੁਲਦੀਪ ਯਾਦਵ ਗੇਂਦਬਾਜ਼ਾਂ ਦੀ ਸੂਚੀ ਵਿਚ ਚੌਥੇ ਸਥਾਨ ਨਾਲ ਭਾਰਤੀਆਂ ਵਿਚ ਰੈਂਕਿੰਗ ਵਿਚ ਸਰਵਸ੍ਰੇਸ਼ਠ ਸਥਾਨ ’ਤੇ ਹੈ। ਉਹ ਚੋਟੀ ’ਤੇ ਕਾਬਜ਼ ਦੱਖਣੀ ਅਫਰੀਕਾ ਦੇ ਸਪਿਨਰ ਕੇਸ਼ਵ ਮਹਾਰਾਜ, ਆਸਟ੍ਰੇਲੀਆ ਦੇ ਜੋਸ਼ ਹੇਜ਼ਲਵੁਡ ਤੇ ਐਡਮ ਜ਼ਾਂਪਾ ਤੋਂ ਪਿੱਛੇ ਹੈ। ਇਹ ਤਿੰਨੇ ਟਾਪ-3 ਸਥਾਨਾਂ ’ਤੇ ਬਣੇ ਹੋਏ ਹਨ।
ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ 8ਵੇਂ ਸਥਾਨ ’ਤੇ ਬਰਕਰਾਰ ਹੈ ਜਦਕਿ ਮੁਹੰਮਦ ਸਿਰਾਜ 5 ਸਥਾਨਾਂ ਦੇ ਨੁਕਸਾਨ ਨਾਲ ਨਿਊਜ਼ੀਲੈਂਡ ਦੇ ਟ੍ਰੇਂਟ ਬੋਲਟ ਨਾਲ ਸਾਂਝੇ ਤੌਰ ’ਤੇ 9ਵੇਂ ਸਥਾਨ ’ਤੇ ਬਣਿਆ ਹੋਇਆ ਹੈ।  ਸੀਨੀਅਰ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ 12ਵੇਂ ਸਥਾਨ ’ਤੇ ਕਾਬਜ਼ ਹੈ। ਇਹ 33 ਸਾਲਾ ਗੇਂਦਬਾਜ਼ ਗਿੱਟ ਦੀ ਸੱਟ ਤੋਂ ਬਾਅਦ ਇਸ ਸਮੇਂ ਬੈਂਗਲੁਰੂ ਵਿਚ ਰਾਸ਼ਟਰੀ ਕ੍ਰਿਕਟ ਅਕੈਡਮੀ ਵਿਚ ‘ਰਿਹੈਬਿਲੀਟੇਸ਼ਨ’ ਦੀ ਪ੍ਰਕਿਰਿਆ ਵਿਚੋਂ ਲੰਘ ਰਿਹਾ ਹੈ ਤੇ ਉਸਦੇ ਬੰਗਲਾਦੇਸ਼ ਵਿਰੁੱਧ ਅਗਲੇ ਮਹੀਨੇ ਹੋਣ ਵਾਲੀ ਦੋ ਟੈਸਟ ਮੈਚਾਂ ਦੀ ਲੜੀ ਵਿਚ ਵਾਪਸੀ ਦੀ ਉਮੀਦ ਹੈ। ਸ਼੍ਰੀਲੰਕਾ ਵਿਰੁੱਧ ਵਨ ਡੇ ਲੜੀ ਵਿਚ (3 ਮੈਚਾਂ ਵਿਚ 5 ਵਿਕਟਾਂ) ਭਾਰਤ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਵਾਸ਼ਿੰਗਟਨ ਸੁੰਦਰ 10 ਸਥਾਨਾਂ ਦੇ ਫਾਇਦੇ ਨਾਲ 87ਵੇਂ ਸਥਾਨ ’ਤੇ ਪਹੁੰਚ ਗਿਆ ਹੈ। 
ਉੱਥੇ ਹੀ, ਆਲਰਾਊਂਡਰਾਂ ਦੀ ਸੂਚੀ ਵਿਚ ਰਵਿੰਦਰ ਜਡੇਜਾ 16ਵੇਂ ਨੰਬਰ ਨਾਲ ਭਾਰਤੀਆਂ ਵਿਚ ਸਰਵਸ੍ਰੇਸ਼ਠ ਸਥਾਨ ’ਤੇ ਕਾਬਜ਼ ਆਲਰਾਊਂਡਰ ਹੈ ਜਦਕਿ ਹਾਰਦਿਕ ਪੰਡਯਾ ਚਾਰ ਸਥਾਨਾਂ ਦੇ ਨੁਕਸਾਨ ਨਾਲ 26ਵੇਂ ਸਥਾਨ ’ਤੇ ਖਿਸਕ ਗਿਆ ਹੈ। ਟੀਮਾਂ ਦੀ ਵਨ ਡੇ ਰੈਂਕਿੰਗ ਵਿਚ ਭਾਰਤੀ ਟੀਮ 118 ਰੇਟਿੰਗ ਅੰਕਾਂ ਨਾਲ ਚੋਟੀ ’ਤੇ ਹੈ ਜਦਕਿ ਆਸਟ੍ਰੇਲੀਆ 116 ਅੰਕਾਂ ਨਾਲ ਦੂਜੇ ਤੇ ਦੱਖਣੀ ਅਫਰੀਕਾ 112 ਅੰਕਾਂ ਨਾਲ ਤੀਜੇ ਸਥਾਨ ’ਤੇ ਹੈ।


Aarti dhillon

Content Editor

Related News