ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਸਫੈਦ ਗੇਂਦ ਦੀ ਕ੍ਰਿਕਟ ਦਾ ਅਭਿਆਸ ਕਰ ਰਿਹੈ ਰੋਹਿਤ
Saturday, Jan 18, 2025 - 11:13 AM (IST)
ਮੁੰਬਈ– ਭਾਰਤੀ ਕਪਤਾਨ ਰੋਹਿਤ ਸ਼ਰਮਾ ਇੰਗਲੈਂਡ ਵਿਰੁੱਧ ਆਗਾਮੀ ਵਨ ਡੇ ਲੜੀ ਤੇ ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਸਫੈਦ ਗੇਂਦ ਦੇ ਰੂਪ ਵਿਚ ਆਪਣੀ ਕਲਾ ਨੂੰ ਨਿਖਾਰਨ ’ਤੇ ਮਿਹਨਤ ਕਰ ਰਿਹਾ ਹੈ। ਇੰਸਟਾਗ੍ਰਾਮ ’ਤੇ ਪਾਈ ਇਕ ਪੋਸਟ ਵਿਚ 37 ਸਾਲਾ ਰੋਹਿਤ ਨੂੰ ਅਭਿਆਸ ਸੈਸ਼ਨ ਵਿਚ ਉਸਦੀਾਂ ਪੁਰਾਣੀਆ ਪ੍ਰਸਿੱਧ ਸ਼ਾਟਾਂ ਫਲਿੱਕ, ਡ੍ਰਾਈਵ, ਉੱਚੇ ਹਿੱਟ ਤੇ ਪੁਲ ਲਗਾਉਂਦੇ ਹੋਏ ਦੇਖਿਆ ਗਿਆ।
ਆਸਟ੍ਰੇਲੀਆ ਦੇ ਨਿਰਾਸ਼ਾਜਨਕ ਦੌਰੇ ਤੋਂ ਬਾਅਦ ਰੋਹਿਤ ਮੁੰਬਈ ਦੀ ਰਣਜੀ ਟੀਮ ਨਾਲ ਅਭਿਆਸ ਕਰ ਰਿਹਾ ਹੈ। ਮੁੰਬਈ ਨੂੰ 23 ਜਨਵਰੀ ਨੂੰ ਰਣਜੀ ਮੈਚ ਵਿਚ ਜੰਮੂ-ਕਸ਼ਮੀਰ ਵਿਰੁੱਧ ਖੇਡਣਾ ਹੈ ਪਰ ਅਜੇ ਤੈਅ ਨਹੀਂ ਹੈ ਕਿ ਰੋਹਿਤ ਉਸ ਵਿਚ ਖੇਡੇਗਾ ਜਾਂ ਨਹੀਂ।
ਭਾਰਤ ਨੂੰ ਚੈਂਪੀਅਨਜ਼ ਟਰਾਫੀ ਵਿਚ 20 ਫਰਵਰੀ ਨੂੰ ਬੰਗਲਾਦੇਸ਼ ਨਾਲ ਦੁਬਈ ਵਿਚ ਪਹਿਲਾ ਮੈਚ ਖੇਡਣਾ ਹੈ। ਇਸ ਤੋਂ ਪਹਿਲਾਂ 6 ਫਰਵਰੀ ਤੋਂ ਇੰਗਲੈਂਡ ਵਿਰੁੱਧ ਵਨ ਡੇ ਲੜੀ ਖੇਡਣੀ ਹੈ। ਰੋਹਿਤ ਆਸਟ੍ਰੇਲੀਆ ਵਿਚ 3 ਟੈਸਟਾਂ ਵਿਚ 31 ਦੌੜਾਂ ਹੀ ਬਣਾ ਸਕਿਆ ਤੇ ਸਿਡਨੀ ਵਿਚ ਪੰਜਵੇਂ ਟੈਸਟ ’ਚੋਂ ਖਰਾਬ ਫਾਰਮ ਕਾਰਨ ਖੁਦ ਬਾਹਰ ਹੋ ਗਿਆ ਸੀ।