ਰੋਹਿਤ ਤੇ ਕੋਹਲੀ ’ਤੇ ਫੈਸਲਾ ਲੈਣ ਦੀ ਜਲਦਬਾਜ਼ੀ ’ਚ ਨਹੀਂ BCCI

Monday, Aug 11, 2025 - 12:55 AM (IST)

ਰੋਹਿਤ ਤੇ ਕੋਹਲੀ ’ਤੇ ਫੈਸਲਾ ਲੈਣ ਦੀ ਜਲਦਬਾਜ਼ੀ ’ਚ ਨਹੀਂ BCCI

ਨਵੀਂ ਦਿੱਲੀ (ਭਾਸ਼ਾ)– ਧਾਕੜ ਭਾਰਤੀ ਖਿਡਾਰੀ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਦੇ ਵਨ ਡੇ ਭਵਿੱਖ ਨੂੰ ਲੈ ਕੇ ਚੱਲ ਰਹੀਆਂ ਅਟਕਲਾਂ ਵਿਚਾਲੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਕੋਈ ਵੀ ਫੈਸਲਾ ਲੈਣ ਦੀ ਜਲਦਬਾਜ਼ੀ ਵਿਚ ਨਹੀਂ ਹੈ ਤੇ ਫਿਲਹਾਲ ਉਸਦਾ ਪੂਰਾ ਧਿਆਨ ਟੀ-20 ਰੂਪ ਵਿਚ ਖੇਡੇ ਜਾਣ ਵਾਲੇ ਏਸ਼ੀਆ ਕੱਪ ’ਤੇ ਹੈ।

ਅਗਸਤ ਵਿਚ ਪ੍ਰਸਤਾਵਿਤ ਬੰਗਲਾਦੇਸ਼ ਦੇ ਦੌਰੇ ਦੇ ਰੱਦ ਹੋਣ ਤੋਂ ਬਾਅਦ ਭਾਰਤ ਦਾ ਅਗਲਾ ਵਨ ਡੇ ਮੈਚ ਆਸਟ੍ਰੇਲੀਆ ਵਿਚ 19 ਤੋਂ 25 ਅਕਤੂਬਰ ਵਿਚਾਲੇ ਖੇਡੀ ਜਾਣ ਵਾਲੀ ਤਿੰਨ ਮੈਚਾਂ ਦੀ ਲੜੀ ਹੋਵੇਗਾ। ਕੋਹਲੀ ਤੇ ਰੋਹਿਤ ਦੇ ਨਾਂ ਵਨ ਡੇ ਵਿਚ ਸਾਂਝੇ ਤੌਰ ’ਤੇ 83 ਸੈਂਕੜੇ ਤੇ 25 ਹਜ਼ਾਰ ਤੋਂ ਵੱਧ ਦੌੜਾਂ ਹਨ।

ਭਾਰਤੀ ਕ੍ਰਿਕਟ ਵਿਚ ਇਸ ਗੱਲ ਦੀ ਚਰਚਾ ਹੈ ਕਿ ਅਕਤੂਬਰ 2027 ਵਿਚ ਹੋਣ ਵਾਲੇ ਵਨ ਡੇ ਵਿਸ਼ਵ ਕੱਪ ਤੱਕ ਰੋਹਿਤ ਤੇ ਕੋਹਲੀ ਕੀ ਤਦ ਤੱਕ ਟਿਕੇ ਰਹਿ ਸਕਣਗੇ।

ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇਕ ਸੂਤਰ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਕਿਹਾ ਕਿ ਉਨ੍ਹਾਂ ਦੇ ਮਨ ਵਿਚ ਜੇਕਰ ਕੋਈ ਯੋਜਨਾ ਹੈ ਤਾਂ ਜ਼ਾਹਿਰ ਹੈ ਕਿ ਉਹ ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਦੇ ਉੱਚ ਅਧਿਕਾਰੀਆਂ ਨੂੰ ਦੱਸਣਗੇ, ਜਿਵੇਂ ਉਨ੍ਹਾਂ ਨੇ ਇੰਗਲੈਂਡ ਟੈਸਟ ਦੌਰੇ ਤੋਂ ਪਹਿਲਾਂ ਕੀਤਾ ਸੀ।

ਉਸ ਨੇ ਕਿਹਾ ਕਿ ਭਾਰਤੀ ਟੀਮ ਦੇ ਨਜ਼ਰੀਏ ਨਾਲ ਦੇਖਿਆ ਜਾਵੇ ਤਾਂ ਅਗਲਾ ਵੱਡਾ ਟੂਰਨਾਮੈਂਟ ਫਰਵਰੀ ਵਿਚ ਹੋਣ ਵਾਲਾ ਟੀ-20 ਵਿਸ਼ਵ ਕੱਪ ਤੇ ਉਸ ਨਾਲ ਜੁੜੀਆਂ ਤਿਆਰੀਆਂ ਹਨ। ਫਿਲਹਾਲ ਧਿਆਨ ਏਸ਼ੀਆ ਕੱਪ ਟੀ-20 ਟੂਰਨਾਮੈਂਟ ਲਈ ਸਰਵੋਤਮ ਟੀਮ ਭੇਜਣ ’ਤੇ ਹੋਵੇਗਾ। ਉਮੀਦ ਹੈ ਕਿ ਸਾਰੇ ਖਿਡਾਰੀ ਫਿੱਟ ਤੇ ਉਪਲਬੱਧ ਹੋਣਗੇ।’’


author

Hardeep Kumar

Content Editor

Related News