ਰੋਹਿਤ ਨੇ ਭਾਰਤ ਦੇ ਸਾਬਕਾ ਸਹਾਇਕ ਕੋਚ ਨਾਇਰ ਦੇ ਨਾਲ ਅਭਿਆਸ ਸ਼ੁਰੂ ਕੀਤਾ
Wednesday, Aug 13, 2025 - 10:43 AM (IST)

ਮੁੰਬਈ– ਭਾਰਤੀ ਵਨ ਡੇ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਮੰਗਲਵਾਰ ਨੂੰ ਇਕ ਉਪਨਗਰੀ ਸਹੂਲਤ ਕੇਂਦਰ ਵਿਚ ਸਾਬਕਾ ਰਾਸ਼ਟਰੀ ਸਹਾਇਕ ਕੋਚ ਅਭਿਸ਼ੇਕ ਨਾਇਰ ਦੇ ਨਾਲ ਅਭਿਆਸ ਸ਼ੁਰੂ ਕੀਤਾ। ਇੰਗਲੈਂਡ ਵਿਚ ਘੱਟ ਤਜਰਬੇ ਵਾਲੀ ਟੀਮ ਦੀ ਸਫਲਤਾ ਤੋਂ ਬਾਅਦ 50 ਓਵਰਾਂ ਦੇ ਰੂਪ ਵਿਚ ਵੀ ਨੌਜਵਾਨਾਂ ਨੂੰ ਤਵੱਜੋ ਦੇਣ ਦੀ ਮੰਗ ਵਿਚਾਲੇ ਰੋਹਿਤ ਨੇ ਲੱਗਭਗ ਦੋ ਮਹੀਨੇ ਦੀ ਬ੍ਰੇਕ ਤੋਂ ਬਾਅਦ ਵਾਪਸੀ ਕੀਤੀ।
ਰੋਹਿਤ ਨੇ ਇੰਗਲੈਂਡ ਦੇ ਟੈਸਟ ਦੌਰੇ ਤੋਂ ਪਹਿਲਾਂ ਸੰਨਿਆਸ ਦਾ ਐਲਾਨ ਕਰ ਦਿੱਤਾ ਸੀ ਤੇ ਉਹ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਤੋਂ ਬਾਅਦ ਦੋ ਮਹੀਨੇ ਲਈ ਖੇਡ ਤੋਂ ਦੂਰ ਰਿਹਾ ਹੈ। ਹੁਣ ਉਹ ਸਿਰਫ ਵਨ ਡੇ ਰੂਪ ਦਾ ਖਿਡਾਰੀ ਹੈ। ਉਹ ਇੰਗਲੈਂਡ ਵਿਚ ਪਰਿਵਾਰ ਦੇ ਨਾਲ ਛੁੱਟੀ ’ਤੇ ਸੀ ਤੇ ਪਿਛਲੇ ਹਫਤੇ ਵਾਪਸ ਆਇਆ। ਰੋਹਿਤ ਨੇ ਆਪਣੇ ਨੇੜਲੇ ਦੋਸਤ ਨਾਇਰ ਦੇ ਨਾਲ ਜਿੰਮ ਵਿਚ ਇਕ ਇੰਸਟਾਗ੍ਰਾਮ ਸਟੋਰੀ ਪੋਸਟ ਕੀਤੀ। ਨਾਇਰ ਕਦੇ-ਕਦੇ ਉਸਦੇ ਨਿੱਜੀ ਕੋਚ ਦੀ ਭੂਮਿਕਾ ਵੀ ਨਿਭਾਉਂਦਾ ਹੈ।