ਰੋਹਿਤ ਨੇ ਹਾਰਦਿਕ ਤੇ ਬੁਮਰਾਹ ਦਾ ਪੂਰਾ ਸਮਰਥਨ ਕੀਤਾ : ਪਾਰਥਿਵ ਪਟੇਲ
Wednesday, Mar 20, 2024 - 12:40 PM (IST)
ਮੁੰਬਈ- ਪਾਰਥਿਵ ਪਟੇਲ ਨੇ ਮੰਗਲਵਾਰ ਨੂੰ ਕਿਹਾ ਕਿ ਹਾਰਦਿਕ ਪੰਡਯਾ ਅਤੇ ਜਸਪ੍ਰੀਤ ਬੁਮਰਾਹ ਜਦ ਆਈ. ਪੀ. ਐੱਲ. 'ਚ ਮੁੰਬਈ ਇੰਡੀਅਨਜ਼ ਵਲੋਂ ਸੰਘਰਸ਼ ਕਰ ਰਹੇ ਸਨ, ਉਦੋਂ ਰੋਹਿਤ ਸ਼ਰਮਾ ਨੇ ਉਨ੍ਹਾਂ ਦਾ ਪੂਰਾ ਸਮਰਥਨ ਕੀਤਾ ਸੀ। ਪਾਰਥਿਵ ਨੇ ਰੋਹਿਤ ਦੀ ਕਪਤਾਨੀ ਦਾ ਮੁਕਾਬਲਾ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨਾਲ ਕੀਤਾ ਅਤੇ ਕਿਹਾ ਕਿ ਮੁੰਬਈ ਦੇ ਕ੍ਰਿਕਟਰ ਨੇ ਕਦੇ ਕੋਈ ਗਲਤੀ ਨਹੀਂ ਕੀਤੀ ਜਦਕਿ ਚੇਨਈ ਦੇ ਕਪਤਾਨ ਨੇ ਆਈ.ਪੀ.ਐੱਲ. 'ਚ ਆਪਣੇ ਲੰਬੇ ਕਰੀਅਰ ਦੌਰਾਨ ਕੁਝ ਗਲਤੀਆਂ ਕੀਤੀਆਂ।
ਪਾਰਥਿਵ ਨੇ ਕਿਹਾ, ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਰੋਹਿਤ ਨੇ ਹਮੇਸ਼ਾ ਆਪਣੇ ਖਿਡਾਰੀਆਂ ਦਾ ਸਮਰਥਨ ਕੀਤਾ। ਇਸ ਦੀ ਸਭ ਤੋਂ ਵਧੀਆ ਮਿਸਾਲ ਹਾਰਦਿਕ ਪੰਡਯਾ ਤੇ ਜਸਪ੍ਰੀਤ ਬੁਮਰਾਹ ਹਨ। ਬੁਮਰਾਹ 2014 'ਚ ਮੁੰਬਈ ਇੰਡੀਅਨਜ਼ ਨਾਲ ਜੁੜੇ ਅਤੇ 2015 ਤੱਕ ਉਨ੍ਹਾਂ ਦਾ ਪ੍ਰਦਰਸ਼ਨ ਚੰਗਾ ਨਹੀਂ ਸੀ। ਟੀਮ ਪ੍ਰਬੰਧਕ ਉਨ੍ਹਾਂ ਨੂੰ ਕੱਢਣ ਬਾਰੇ ਵਿਚਾਰ ਕਰ ਰਹੇ ਸਨ ਪਰ ਰੋਹਿਤ ਸ਼ਰਮਾ ਨੂੰ ਉਨ੍ਹਾਂ ਦੀ ਕਾਬਲੀਅਤ 'ਤੇ ਭਰੋਸਾ ਸੀ ਅਤੇ 2016 ਤੋਂ ਬਾਅਦ ਉਨ੍ਹਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ।
ਪਾਰਥਿਵ ਨੇ ਕਿਹਾ ਕਿ ਅਜਿਹਾ ਹੀ ਹਾਰਦਿਕ ਪੰਡਯਾ ਨਾਲ ਹੋਇਆ, ਉਹ 2015 'ਚ ਆਇਆ ਅਤੇ ਮਸ਼ਹੂਰ ਹੋ ਗਿਆ ਪਰ 2016 'ਚ ਉਸ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ ਸੀ ਪਰ ਮੁੰਬਈ ਇੰਡੀਅਨਜ਼ ਨੇ ਉਸ 'ਤੇ ਭਰੋਸਾ ਬਣਾਈ ਰੱਖਿਆ। ਪਟੇਲ ਨੇ ਰੋਹਿਤ ਸ਼ਰਮਾ ਦੀ ਕਪਤਾਨੀ ਦੀ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਮੈਚ 'ਚ ਜਦ ਤਣਾਅ ਪੈਦਾ ਹੁੰਦਾ ਹੋਵੇ ਤਾਂ ਕੁਝ ਗਲਤ ਫੈਸਲੇ ਜਾਂ ਗਲਤੀਆਂ ਹੋ ਸਕਦੀਆਂ ਹਨ ਪਰ ਰੋਹਿਤ ਸ਼ਰਮਾ ਦੀ ਕਪਤਾਨੀ ਦੀ ਵਿਸ਼ੇਸ਼ਤਾ ਇਹ ਹੈ ਕਿ ਪਿਛਲੇ 10 ਸਾਲਾਂ 'ਚ ਉਸ ਨੇ ਕੋਈ ਗਲਤੀ ਨਹੀਂ ਕੀਤੀ। ਇਥੋਂ ਤੱਕ ਕਿ ਧੋਨੀ ਨੇ ਵੀ ਗਲਤੀਆਂ ਕੀਤੀਆਂ ਪਰ ਤੁਸੀਂ ਰੋਹਿਤ ਨੂੰ ਕਦੇ ਗਲਤੀ ਕਰਦੇ ਹੋਏ ਨਹੀਂ ਦੇਖਿਆ ਹੋਵੇਗਾ।