ਬੋਪੰਨਾ ਤੇ ਡੋਡਿਗ ਦੀ ਜੋੜੀ ਅਮਰੀਕੀ ਓਪਨ ''ਚ ਹਾਰੀ
Tuesday, Sep 07, 2021 - 06:26 PM (IST)
![ਬੋਪੰਨਾ ਤੇ ਡੋਡਿਗ ਦੀ ਜੋੜੀ ਅਮਰੀਕੀ ਓਪਨ ''ਚ ਹਾਰੀ](https://static.jagbani.com/multimedia/2021_9image_18_24_451961634rohanbopanaa.jpg)
ਸਪੋਰਟਸ ਡੈਸਕ- ਭਾਰਤ ਦੇ ਤਜਰਬੇਕਾਰ ਟੈਨਿਸ ਖਿਡਾਰੀ ਰੋਹਨ ਬੋਪੰਨਾ ਤੇ ਕ੍ਰੋਏਸ਼ੀਆ ਦੇ ਉਨ੍ਹਾਂ ਦੇ ਜੋੜੀਦਾਰ ਇਵਾਨ ਡੋਡਿਗ ਨੂੰ ਅਮਰੀਕੀ ਓਪਨ ਦੇ ਪੁਰਸ਼ ਡਬਲਜ਼ ਦੇ ਤੀਜੇ ਦੌਰ 'ਚ ਸਖ਼ਤ ਚੁਣੌਤੀ ਪੇਸ਼ ਕਰਨ ਦੇ ਬਾਵਜੂਦ ਸੋਮਵਾਰ ਨੂੰ ਰਾਜੀਵ ਰਾਮ ਤੇ ਸਾਲਿਸਬਰੀ ਦੀ ਚੌਥਾ ਦਰਜਾ ਪ੍ਰਾਪਤ ਜੋੜੀ ਦੇ ਖ਼ਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ।
ਬੋਪੰਨਾ ਤੇ ਡੋਡਿਗ ਦੀ 13ਵਾਂ ਦਰਜਾ ਪ੍ਰਾਪਤ ਜੋੜੀ ਨੂੰ ਆਸਟਰੇਲੀਆ ਓਪਨ ਦੀ ਉਪ ਜੇਤੂ ਜੋੜੀ ਖ਼ਿਲਾਫ਼ ਦੋ ਘੰਟੇ 30 ਮਿੰਟ ਚਲੇ ਮੁਕਾਬਲੇ 'ਚ 7-6, 4-6, 6-7 ਨਾਲ ਹਾਰ ਝਲਣੀ ਪਈ। ਬੋਪੰਨਾ ਤੇ ਡੋਡਿਗ ਦੀ ਹਾਰ ਦੇ ਨਾਲ ਸੈਸ਼ਨ ਦੇ ਆਖ਼ਰੀ ਗ੍ਰੈਂਡਸਲੈਮ ਟੂਰਨਾਮੈਂਟ 'ਚ ਭਾਰਤੀ ਚੁਣੌਤੀ ਖ਼ਤਮ ਹੋ ਗਈ। ਸਾਨੀਆ ਮਿਰਜ਼ਾ ਨੂੰ ਮਹਿਲਾ ਡਬਲਜ਼ ਤੇ ਮਿਕਸਡ ਡਬਲਜ਼ ਦੋਵਾਂ 'ਚ ਪਹਿਲੇ ਦੌਰ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਅੰਕਿਤਾ ਰੈਨਾ ਵੀ ਮਹਿਲਾ ਡਬਲਜ਼ 'ਚ ਹਾਰ ਗਈ। ਪ੍ਰਜਨੇਸ਼ ਗੁਣੇਸ਼ਵਰਨ, ਸੁਮਿਤ ਨਾਗਲ ਤੇ ਰਾਮਕੁਮਾਰ ਰਾਮਨਾਥਨ ਸਿੰਗਲ ਦੌਰ ਦੇ ਮੁੱਖ ਡਰਾਅ 'ਚ ਜਗ੍ਹਾ ਬਣਾਉਣ 'ਚ ਅਸਫਲ ਰਹੇ ਤੇ ਕੁਆਲੀਫਾਇਰ 'ਚ ਹੀ ਹਾਰ ਗਏ।