ਓਲੰਪਿਕ ਖੇਡਾਂ ਨੂੰ ਲੈ ਕੇ ਬੇਯਕੀਨੀ ਖ਼ਤਮ ਕਰਨ ਆਯੋਜਕ : ਫ਼ੈਡਰਰ
Saturday, May 15, 2021 - 06:32 PM (IST)
ਲੁਸਾਨੇ— ਟੈਨਿਸ ਲੀਜੇਂਡ ਤੇ 20 ਗ੍ਰੈਂਡ ਸਲੈਮ ਖ਼ਿਤਾਬਾਂ ਦੇ ਬਾਦਸ਼ਾਹ ਸਵਿਟਜ਼ਰਲੈਂਡ ਦੇ ਰੋਜਰ ਫ਼ੈਡਰਰ ਨੇ ਓਲੰਪਿਕ ਆਯੋਜਕਾਂ ਤੋਂ ਬੇਨਤੀ ਕੀਤੀ ਹੈ ਕਿ ਉਹ ਟੋਕੀਓ ਓਲੰਪਿਕ ਨੂੰ ਲੈ ਕੇ ਬਣ ਰਹੇ ਬੇਯਕੀਨੀ ਦੇ ਮਾਹੌਲ ਨੂੰ ਖ਼ਤਮ ਕਰਨ। ਫ਼ੈਡਰਰ ਨੇ ਕਿਹਾ ਕਿ ਇਨ੍ਹਾਂ ਖੇਡਾਂ ’ਚ ਹਿੱਸਾ ਲੈਣ ਨੂੰ ਲੈ ਕੇ ਅਜੇ ਵੀ ਦੋ ਨਜ਼ਰੀਏ ਹਨ। ਉਨ੍ਹਾਂ ਕਿਹਾ ਕਿ ਈਮਾਨਦਾਰੀ ਨਾਲ ਕਹਾਂ ਤਾਂ ਮੈਂ ਨਹੀਂ ਜਾਣਦਾ ਕਿ ਕੀ ਸੋਚਿਆ ਜਾਵੇ। ਮੈਂ ਦੋ ਵਿਚਾਰਾਂ ’ਚੋਂ ਗੁਜ਼ਰ ਰਿਹਾ ਹਾਂ। ਮੈਂ ਓਲੰਪਿਕ ’ਚ ਖੇਡਣਾ ਚਾਹੁੰਦਾ ਹਾਂ ਪਰ ਜੇਕਰ ਇਹ ਹਾਲਾਤ ਦੇ ਕਾਰਨ ਨਹੀਂ ਹੁੰਦਾ ਹੈ ਤਾਂ ਇਸ ਨੂੰ ਸਮਝਣ ਵਾਲਾ ਮੈਂ ਵੀ ਹੋਵਾਂਗਾ।
ਟੋਕੀਓ ਓਲੰਪਿਕ ਪਿਛਲੇ ਸਾਲ ਹੋਣੇ ਸਨ ਪਰ ਕੋਰੋਨਾ ਮਹਾਮਾਰੀ ਕਾਰਨ ਇਨ੍ਹਾਂ ਖੇਡਾਂ ਨੂੰ ਮੁਲਤਵੀ ਕਰਨਾ ਪਿਆ ਤੇ ਹੁਣ ਇਨ੍ਹਾਂ ਦਾ ਆਯੋਜਨ 23 ਜੁਲਾਈ ਤੋਂ ਅੱਠ ਅਗਸਤ ਤਕ ਕਰਨਾ ਨਿਰਧਾਰਤ ਕੀਤਾ ਗਿਆ ਹੈ ਪਰ ਕੋਰੋਨਾ ਮਾਮਲਿਆਂ ਨਾਲ ਜੂਝ ਰਹੇ ਜਾਪਾਨ ਨੇ ਆਪਣੀ ਰਾਜਧਾਨੀ ਟੋਕੀਓ ਤੇ ਹੋਰ ਤਿੰਨ ਖੇਤਰਾਂ ’ਚ ਐਮਰਜੈਂਸੀ ਦੀ ਸਥਿਤੀ ਨੂੰ ਮਈ ਦੇ ਅੰਤ ਤਕ ਵਧਾ ਦਿੱਤਾ ਹੈ। ਕੋਰੋਨਾ ਮਹਾਮਾਰੀ ਦੇ ਵਧਣ ਕਾਰਨ ਇਸ ਵਾਰ ਟੋਕੀਓ ਓਲੰਪਿਕ ਦੇ ਆਯੋਜਨ ਨੂੰ ਲੈ ਕੇ ਦੁਵਿਧਾ ਦੀ ਸਥਿਤੀ ਬਣੀ ਹੋਈ ਹੈ।