ਫ਼ਾਰਮ ''ਚ ਵਾਪਸੀ ਲਈ ਘਰ ''ਚ ਦਿਨ ''ਚ 3 ਵਾਰ ਬੱਲੇਬਾਜ਼ੀ ਦਾ ਕੀਤਾ ਅਭਿਆਸ: ਹਰਮਨਪ੍ਰੀਤ ਕੌਰ
Monday, Oct 26, 2026 - 06:20 PM (IST)
ਵਡੋਦਰਾ : ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਖਿਡਾਰਨ ਹਰਮਨਪ੍ਰੀਤ ਕੌਰ ਨੇ ਖ਼ੁਲਾਸਾ ਕੀਤਾ ਹੈ ਕਿ ਲੰਬੇ ਸਮੇਂ ਤੋਂ ਖ਼ਰਾਬ ਫ਼ਾਰਮ ਨਾਲ ਜੂਝਣ ਤੋਂ ਬਾਅਦ ਆਪਣੀ ਬੱਲੇਬਾਜ਼ੀ ਵਿੱਚ ਲੈਅ ਹਾਸਲ ਕਰਨ ਲਈ ਉਨ੍ਹਾਂ ਨੇ ਘਰ ਵਿੱਚ ਦਿਨ ਵਿੱਚ ਤਿੰਨ ਸੈਸ਼ਨ ਅਭਿਆਸ ਕੀਤਾ। ਉਨ੍ਹਾਂ ਦੱਸਿਆ ਕਿ ਆਪਣੀ ਬੱਲੇਬਾਜ਼ੀ ਵਿੱਚ ਵਿਸ਼ਵਾਸ ਵਧਾਉਣ ਲਈ ਉਨ੍ਹਾਂ ਨੂੰ ਕਾਫ਼ੀ ਅਭਿਆਸ ਦੀ ਲੋੜ ਹੁੰਦੀ ਹੈ, ਜਿਸ ਲਈ ਉਹ ਸਵੇਰੇ, ਦੁਪਹਿਰੇ ਅਤੇ ਸ਼ਾਮ ਨੂੰ ਬੱਲੇਬਾਜ਼ੀ ਕਰਦੀ ਸੀ।
ਹਰਮਨਪ੍ਰੀਤ ਦੀ ਖ਼ਰਾਬ ਫ਼ਾਰਮ ਹਾਲ ਹੀ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਸੀ, ਪਰ 37 ਸਾਲਾ ਇਸ ਖਿਡਾਰਨ ਨੇ ਜ਼ਿੰਬਾਬਵੇ ਖ਼ਿਲਾਫ਼ ਅੰਤਿਮ ਟੀ-20I ਵਿੱਚ 41 ਗੇਂਦਾਂ 'ਤੇ ਨਾਬਾਦ 91 ਦੌੜਾਂ ਦੀ ਧਮਾਕੇਦਾਰ ਪਾਰੀ ਖੇਡ ਕੇ ਫ਼ਾਰਮ ਵਿੱਚ ਵਾਪਸੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਵਨਡੇ ਲੜੀ ਦੇ ਦੂਜੇ ਮੈਚ ਵਿੱਚ 126 ਦੌੜਾਂ ਦੀ ਮੈਚ-ਜੇਤੂ ਪਾਰੀ ਖੇਡੀ। ਬੀ.ਸੀ.ਸੀ.ਆਈ. ਦੁਆਰਾ ਸਾਂਝੇ ਕੀਤੇ ਵੀਡੀਓ ਵਿੱਚ ਦੀਪਤੀ ਸ਼ਰਮਾ ਨਾਲ ਗੱਲਬਾਤ ਕਰਦਿਆਂ ਹਰਮਨਪ੍ਰੀਤ ਨੇ ਕਿਹਾ ਕਿ ਉਮਰ ਨੂੰ ਦੇਖਦਿਆਂ ਉਹ ਫਿਟਨੈਸ ਦੇ ਨਾਲ-ਨਾਲ ਬੱਲੇਬਾਜ਼ੀ 'ਤੇ ਪੂਰਾ ਧਿਆਨ ਦੇ ਰਹੀ ਹੈ।
ਦੂਜੇ ਵਨਡੇ ਵਿੱਚ ਸਮ੍ਰਿਤੀ ਮੰਧਾਨਾ ਅਤੇ ਸ਼ੇਫ਼ਾਲੀ ਵਰਮਾ ਦੇ ਜਲਦੀ ਆਊਟ ਹੋਣ ਤੋਂ ਬਾਅਦ ਹਰਮਨਪ੍ਰੀਤ ਨੇ ਸਲਾਮੀ ਬੱਲੇਬਾਜ਼ ਪ੍ਰਤਿਕਾ ਰਾਵਲ (61 ਦੌੜਾਂ) ਨਾਲ ਮਿਲ ਕੇ ਤੀਜੀ ਵਿਕਟ ਲਈ 124 ਦੌੜਾਂ ਦੀ ਭਾਈਵਾਲੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਨਾਬਾਦ 106 ਦੌੜਾਂ ਬਣਾਉਣ ਵਾਲੀ ਦੀਪਤੀ ਸ਼ਰਮਾ ਨਾਲ 153 ਦੌੜਾਂ ਜੋੜੀਆਂ। ਭਾਰਤ ਨੇ ਇਹ ਮੈਚ 121 ਦੌੜਾਂ ਨਾਲ ਜਿੱਤ ਕੇ 3 ਮੈਚਾਂ ਦੀ ਲੜੀ ਵਿੱਚ 2-0 ਦੀ ਅਜੇਤੂ ਬੜ੍ਹਤ ਹਾਸਲ ਕਰ ਲਈ ਹੈ।
