ਕੀ ਪੰਤ ਦੀ ਕਪਤਾਨੀ ’ਚ ਦਿੱਲੀ ਕੈਪੀਟਲਸ ਜਿੱਤੇਗੀ IPL ਖ਼ਿਤਾਬ, ਜਾਣੋ ਟੀਮ ਦੀ ਤਾਕਤ ਤੇ ਕਮਜ਼ੋਰੀ ਬਾਰੇ
Monday, Apr 05, 2021 - 05:12 PM (IST)

ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ 14ਵੇਂ ਸੀਜ਼ਨ ਦੇ ਆਗਾਜ਼ ਨੂੰ ਕੁਝ ਦਿਨ ਹੀ ਬਾਕੀ ਹਨ। ਟੂਰਨਾਮੈਂਟ ਦੇ ਪਹਿਲੇ ਮੈਚ ’ਚ ਪੰਜ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਦੀ ਟੀਮ ਦਾ ਸਾਹਮਣਾ ਵਿਰਾਟ ਕੋਹਲੀ ਦੀ ਰਾਇਲ ਚੈਲੰਜਰਜ਼ ਬੈਂਗਲੁਰੂ ਨਾਲ ਹੋਣਾ ਹੈ। ਹਰ ਸੀਜ਼ਨ ਦੀ ਤਰ੍ਹਾਂ ਇਸ ਵਾਰ ਵੀ ਕਾਗ਼ਜ਼ ’ਤੇ ਸਾਰੀਆਂ ਟੀਮਾਂ ਕਾਫ਼ੀ ਮਜ਼ਬੂਤ ਨਜ਼ਰ ਆ ਰਹੀਆਂ ਹਨ। ਪਿਛਲੇ ਸੀਜ਼ਨ ਫ਼ਾਈਨਲ ਤਕ ਦਾ ਸਫ਼ਰ ਤੈਅ ਕਰਨ ਵਾਲੀ ਦਿੱਲੀ ਕੈਪੀਟਲਸ ਨੇ ਆਈ. ਪੀ. ਐੱਲ. ਦੇ 2021 ਲਈ ਨੀਲਾਮੀ ’ਚ ਆਪਣੇ ਕਮਜ਼ੋਰ ਪੱਖ ’ਤੇ ਕਾਫ਼ੀ ਚੰਗੀ ਤਰ੍ਹਾਂ ਕੰਮ ਕੀਤਾ ਹੈ। ਦਿੱਲੀ ਨੇ ਸਟੀਵ ਸਮਿਥ, ਉਮੇਸ਼ ਯਾਦਵ, ਸੈਮ ਬਿਲਿੰਗਸ ਜਿਹੇ ਟਾਪ ਕਲਾਸ ਖਿਡਾਰੀਆਂ ਨੂੰ ਟੀਮ ’ਚ ਸ਼ਾਮਲ ਕੀਤਾ ਹੈ। ਹਾਲਾਂਕਿ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਕਪਤਾਨ ਸ਼੍ਰੇਅਸ ਅਈਅਰ ਦਾ ਟੂਰਨਾਮੈਂਟ ਤੋਂ ਬਾਹਰ ਹੋ ਜਾਣਾ ਟੀਮ ਲਈ ਬਹੁਤ ਵੱਡਾ ਝਟਕਾ ਹੈ।
ਇਹ ਵੀ ਪੜ੍ਹੋ : ਮੁੰਬਈ ਦੇ ਸਾਬਕਾ ਕ੍ਰਿਕਟਰ ਮੇਹਲੀ ਈਰਾਨੀ ਦਾ ਦਿਹਾਂਤ, ਖੇਡ ਜਗਤ ’ਚ ਸੋਗ ਦੀ ਲਹਿਰ
ਗੇਂਦਬਾਜ਼ੀ ਟੀਮ ਦੀ ਸਭ ਵੱਡੀ ਤਾਕਤ
ਦਿੱਲੀ ਕੈਪੀਟਲਸ ਦੀ ਸਭ ਤੋਂ ਵੱਡੀ ਤਾਕਤ ਉਸ ਦਾ ਮਜ਼ਬੂਤ ਗੇਂਦਬਾਜ਼ੀ ਅਟੈਕ ਨਜ਼ਰ ਆ ਰਿਹਾ ਹੈ। ਟੀਮ ਕੋਲ ਕਗਿਸੋ ਰਬਾਡਾ, ਐਨਰਿਜ ਨਾਰਟਜੇ ਜਿਹੇ ਦੋ ਜ਼ਬਰਦਸਤ ਪੇਸਰ ਪਹਿਲਾਂ ਤੋਂ ਹੀ ਮੌਜੂਦ ਹਨ, ਜਦਕਿ ਉਮੇਸ਼ ਯਾਦਵ ਤੇ ਟਾਮ ਕਰਨ ਦੇ ਆਉਣ ਨਾਲ ਟੀਮ ਦਾ ਪੇਸ ਅਟੈਕ ਬੇਹੱਦ ਖ਼ਤਰਨਾਕ ਦਿਸ ਰਿਹਾ ਹੈ। ਸਪਿਨ ਵਿਭਾਗ ’ਚ ਵੀ ਟੀਮ ਕੋਲ ਰਵੀਚੰਦਰਨ ਅਸ਼ਵਿਨ ਤੇ ਅਮਿਤ ਮਿਸ਼ਰਾ ਦੇ ਰੂਪ ’ਚ ਦੋ ਤਜਰਬੇਕਾਰ ਗੇਂਦਬਾਜ਼ ਮੌਜੂਦ ਹਨ। ਜਦਕਿ ਅਕਸ਼ਰ ਪਟੇਲ ਦੀ ਹਾਲ ਹੀ ਦੀ ਫ਼ਾਰਮ ਟੀਮ ਲਈ ਸੋਨੇ ’ਤੇ ਸੁਹਾਗਾ ਜਿਹੀ ਹੈ। ਈਸ਼ਾਂਤ ਸ਼ਰਮਾ ਤੇ ਮਾਰਕਸ ਸਟੋਏਨਿਸ ਨੇ ਵੀ ਪਿਛਲੇ ਸੀਜ਼ਨ ਦਮਦਾਰ ਪ੍ਰਦਰਸ਼ਨ ਕੀਤਾ ਸੀ।
ਸ਼੍ਰੇਅਸ ਅਈਅਰ ਦੇ ਜਾਣ ਨਾਲ ਮਿਡਿਲ ਆਰਡਰ ਹੋਇਆ ਕਮਜ਼ੋਰ
ਕਪਤਾਨ ਸ਼੍ਰੇਅਸ ਅਈਅਰ ਦੇ ਆਈ. ਪੀ. ਐੱਲ. 2021 ਤੋਂ ਬਾਹਰ ਹੋਣ ਦੇ ਬਾਅਦ ਦਿੱਲੀ ਕੈਪੀਟਲਸ ਦਾ ਮਿਡਲ ਆਰਡਰ ਪਹਿਲਾਂ ਦੇ ਮੁਕਾਬਲੇ ਕਾਫ਼ੀ ਕਮਜ਼ੋਰ ਨਜ਼ਰ ਆ ਰਿਹਾ ਹੈ। ਟੀਮ ਦੇ ਕੋਲ ਸਟੀਵ ਸਮਿਥ, ਅਜਿੰਕਯ ਰਾਹਨੇ ਜਿਹੇ ਬੱਲੇਬਾਜ਼ਾਂ ਦਾ ਤਜਰਬਾ ਜ਼ਰੂਰ ਹੈ ਪਰ ਮੈਚ ਦੇ ਹਿਸਾਬ ਨਾਲ ਦੌੜਾਂ ਦੀ ਰਫ਼ਤਾਰ ਵਧਾਉਣ ਦਾ ਹੁਨਰ ਇਨ੍ਹਾਂ ਦੋਵੇਂ ਬੱਲੇਬਾਜ਼ਾਂ ਦੇ ਕੋਲ ਨਹੀਂ ਹੈ। ਰਹਾਨੇ ਦਾ ਬੱਲਾ ਪਿਛਲੇ ਸੀਜ਼ਨ ਖ਼ਾਮੋਸ਼ ਰਿਹਾ ਸੀ, ਜਦਕਿ ਸਮਿਥ ਵੀ ਰਾਜਸਥਾਨ ਵੱਲੋਂ ਕੁਝ ਹੀ ਚੰਗੀਆਂ ਪਾਰੀਆਂ ਖੇਡ ਸਕੇ ਸਨ।
ਇਹ ਵੀ ਪੜ੍ਹੋ : IPL 2021: ਹਰਭਜਨ ਸਿੰਘ ਨੇ ਕੋਰੋਨਾ ਟੈਸਟ ਨੈਗੇਟਿਵ ਆਉਣ ਦੀ ਖ਼ੁਸ਼ੀ ’ਚ ਪਾਇਆ ਭੰਗੜਾ, ਵੇਖੋ ਵੀਡੀਓ
ਰਿਸ਼ਭ ਪੰਤ ਦਾ ਦਿੱਲੀ ਕੈਪੀਟਲਸ ਲਈ ਬਿਹਤਰੀਨ ਰਿਕਾਰਡ
ਕਪਤਾਨੀ ਮਿਲਣ ’ਤੇ ਰਿਸ਼ਭ ਪੰਤ ਸੀਜ਼ਨ ’ਚ ਕਿਸ ਅੰਦਾਜ਼ ’ਚ ਬੱਲੇਬਾਜ਼ੀ ਕਰਨਗੇ ਇਸ ’ਤੇ ਵੀ ਕਾਫ਼ੀ ਕੁਝ ਨਿਰਭਰ ਕਰੇਗਾ। ਜ਼ਿਕਰਯੋਗ ਹੈ ਕਿ ਰਿਸ਼ਭ ਪੰਤ ਨੇ ਸਾਲ 2016 ’ਚ ਆਈ. ਪੀ. ਐੱਲ. ਡੈਬਿਊ ਕੀਤਾ ਸੀ ਤੇ ਦਿੱਲੀ ਕੈਪੀਟਲਸ ਨੇ ਇਸ ਧਾਕੜ ਖਿਡਾਰੀ ’ਤੇ ਬਾਜ਼ੀ ਲਗਾਈ ਸੀ। ਪੰਤ ਨੇ ਦਿੱਲੀ ਕੈਪੀਟਲਸ ਦੇ ਭਰੋਸੇ ਨੂੰ ਸਹੀ ਸਾਬਤ ਕੀਤਾ। ਪੰਤ ਦਿੱਲੀ ਲਈ 68 ਮੈਚਾਂ ’ਚ 35.23 ਦੀ ਬਿਹਤਰੀਨ ਔਸਤ ਨਾਲ 2079 ਦੌੜਾਂ ਬਣਾ ਚੁੱਕੇ ਹਨ। ਪੰਤ ਦਾ ਸਟ੍ਰਾਈਕ ਰੇਟ 151.97 ਹੈ ਜੋ ਕਿ ਬੇਹੱਦ ਸ਼ਾਨਦਾਰ ਹੈ। ਨਾਲ ਹੀ ਪੰਤ ਨੇ ਸਾਲ 2018 ’ਚ ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ ਅਜੇਤੂ 128 ਦੌੜਾਂ ਦੀ ਪਾਰੀ ਖੇਡੀ ਸੀ ਜੋ ਕਿ ਉਨ੍ਹਾਂ ਦਾ ਸਰਵਸ੍ਰੇਸ਼ਠ ਸਕੋਰ ਵੀ ਹੈ। ਪੰਤ ਆਈ. ਪੀ. ਐੱਲ. ’ਚ 12 ਅਰਧ ਸੈਂਕੜੇ ਵੀ ਲਾ ਚੁੱਕੇ ਹਨ। ਪੰਤ ਦੇ ਬੱਲੇ ਤੋਂ ਆਈ. ਪੀ. ਐੱਲ. ’ਚ 103 ਛੱਕੇ ਨਿਕਲੇ ਹਨ।
ਦਿੱਲੀ ਕੈਪੀਟਲਸ ਦੀ ਟੀਮ ਇਸ ਤਰ੍ਹਾਂ ਹੈ :- ਰਿਸ਼ਭ ਪੰਤ (ਕਪਤਾਨ), ਸ਼ਿਖਰ ਧਵਨ, ਪਿ੍ਰਥਵੀ ਸ਼ਾਅ, ਅਜਿੰਕਯ ਰਹਾਨੇ, ਸ਼ਿਮਰੋਨ ਹੇਟਮਾਇਰ, ਮਾਰਕਸ ਸਟੋਏਨਿਸ, ਕ੍ਰਿਸ ਵੋਕਸ, ਆਰ. ਅਸ਼ਵਿਨ, ਅਕਸ਼ਰ ਪਟੇਲ, ਅਮਿਤ ਮਿਸ਼ਰਾ, ਲਲਿਤ ਯਾਦਵ, ਪ੍ਰਵੀਣ ਦੁਬੇ, ਕਗਿਸੋ ਰਬਾਡਾ, ਐਨਰਿਕ ਨਾਰਟਜੇ, ਇਸ਼ਾਂਤ ਸ਼ਰਮਾ, ਆਵੇਸ਼ ਖ਼ਾਨ, ਸਟੀਵ ਸਮਿਥ, ਉਮੇਸ਼ ਯਾਦਵ, ਰਿਪਲ ਪਟੇਲ, ਵਿਸ਼ਣੂ ਵਿਨੋਦ, ਲੁਕਮਾਨ ਮੇਰੀਵਾਲਾ, ਐੱਮ. ਸਿਧਾਰਥ, ਟਾਮ ਕੁਰੇਨ, ਸੈਮ ਬਿਲਿੰਗਸ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।